ਦੋਹਾ, ਏਜੰਸੀਆਂ : ਅਮਰੀਕਾ ਨੇ ਕਤਰ ਦੀ ਰਾਜਧਾਨੀ ਦੋਹਾ 'ਚ ਸ਼ਨਿਚਰਵਾਰ ਤੋਂ ਤਾਲਿਬਾਨ ਨਾਲ ਗੱਲਬਾਤ ਇਕ ਵਾਰੀ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ। ਇਸ 'ਚ ਅਫਗਾਨਿਸਤਾਨ ਸੁਲਾਹ ਲਈ ਅਮਰੀਕਾ ਦੇ ਵਿਸ਼ੇਸ਼ ਨੁਮਾਇੰਦੇ ਜਾਲਮੇ ਖਲੀਲਜ਼ਾਦ ਵੀ ਸ਼ਾਮਲ ਹੋਏ। ਇਕ ਅਮਰੀਕੀ ਸੂੁਤਰ ਨੇ ਇਹ ਜਾਣਕਾਰੀ ਦਿੱਤੀ ਹੈ। ਦੱਸਣਯੋਗ ਹੈ ਕਿ ਤਿੰਨ ਮਹੀਨੇ ਪਹਿਲਾਂ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਹੋਏ ਆਤਮਘਾਤੀ ਹਮਲੇ 'ਚ ਇਕ ਅਮਰੀਕੀ ਫੌਜੀ ਦੀ ਮੌਤ ਮਗਰੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਤਵਾਦੀ ਸਮੂਹ ਨਾਲ ਗੱਲਬਾਤ ਮੁਲਤਵੀ ਕਰ ਦਿੱਤੀ ਸੀ।

ਸੂਤਰਾ ਨੇ ਕਿਹਾ ਕਿ ਅਮਰੀਕਾ ਨੇ ਤਾਲਿਬਾਨ ਨਾਲ ਦੋਹਾ 'ਚ ਸ਼ਨਿਚਰਵਾਰ ਤੋਂ ਫਿਰ ਗੱਲਬਾਤ ਸ਼ੁਰੂ ਕਰ ਦਿੱਤੀ। ਸ਼ਾਂਤੀ ਵਾਰਤਾ ਦਾ ਮੁੱਖ ਮਕਸਦ ਅਫਗਾਨਿਸਤਾਨ 'ਚ ਸ਼ਾਂਤੀ ਕਾਇਮ ਕਰਨ ਦੇ ਨਾਲ ਹੀ ਜੰਗਬੰਦੀ ਨੂੰ ਸਥਾਈ ਬਣਾਉਣਾ ਹੈ। ਇਸੇ ਸਾਲ ਸਤੰਬਰ 'ਚ ਅਮਰੀਕਾ ਤੇ ਤਾਲਿਬਾਨ ਇਕ ਸਮਝੌਤੇ 'ਤੇ ਦਸਤਖ਼ਤ ਕਰਨ ਦੇ ਕਰੀਬ ਪੁੱਜ ਗਏ ਸਨ। ਜੇ ਇਹ ਸਮਝੌਤਾ ਹੋ ਜਾਂਦਾ ਤਾਂ ਸੁਰੱਖਿਆ ਦੀ ਗਾਰੰਟੀ ਦੇ ਬਦਲੇ ਅਮਰੀਕਾ ਅਫਗਾਨਿਸਤਾਨ 'ਚ ਮੌਜੂਦ ਆਪਣੇ ਹਜ਼ਾਰਾਂ ਫ਼ੌਜੀਆਂ ਦੀ ਵਾਪਸੀ ਦੀ ਸ਼ੁਰੂੁਆਤ ਕਰ ਦਿੰਦਾ। ਏਨਾ ਹੀ ਨਹੀਂ ਇਸ ਸਮਝੌਤੇ ਮਗਰੋਂ ਤਾਲਿਬਾਨ ਤੇ ਅਫਗਾਨਿਸਤਾਨ ਸਰਕਾਰ ਵਿਚਾਲੇ ਵਾਰਤਾ ਦਾ ਰਸਤਾ ਵੀ ਖੁੱਲ੍ਹ ਜਾਂਦਾ ਪਰ ਆਤਮਘਾਤੀ ਹਮਲੇ 'ਚ ਅਮਰੀਕੀ ਫੌਜੀ ਦੇ ਮਾਰੇ ਜਾਣ ਮਗਰੋਂ ਰਾਸ਼ਟਰਪਤੀ ਟਰੰਪ ਨੇ ਕੈਂਪ ਡੇਵਿਡ 'ਚ ਹੋਣ ਵਾਲੀ ਵਾਰਤਾ ਨੂੰ ਰੱਦ ਕਰ ਦਿੱਤਾ ਸੀ। ਪਿਛਲੇ ਹਫਤੇ ਅਫਗਾਨਿਸਤਾਨ ਸਥਿਤ ਅਮਰੀਕੀ ਫ਼ੌਜੀ ਅੱਡੇ ਦੀ ਅਚਾਨਕ ਯਾਤਰਾ ਦੌਰਾਨ ਟਰੰਪ ਨੇ ਕਿਹਾ ਸੀ ਕਿ ਤਾਲਿਬਾਨ ਸਮਝੌਤਾ ਕਰਨਾ ਚਾਹੁੰਦਾ ਹੈ।