ਬੇਰੂਤ (ਏਐੱਫਪੀ) : ਅਮਰੀਕੀ ਅਗਵਾਈ ਵਾਲੀ ਗਠਜੋੜ ਫ਼ੌਜ ਦੇ ਤਰਜਮਾਨ ਕਰਨਲ ਸੀਨ ਰੇਆਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੀਰੀਆ ਤੋਂ ਫ਼ੌਜ ਦੀ ਵਾਪਸੀ ਸ਼ੁਰੂ ਹੋ ਗਈ ਹੈ। ਉਨ੍ਹਾਂ ਹਾਲਾਂਕਿ ਵਾਪਸੀ ਕਰਨ ਵਾਲੀ ਸੈਨਿਕਾਂ ਦੀ ਟੁਕੜੀ ਦਾ ਸਥਾਨ ਤੇ ਸਮਾਂ ਦੱਸਣ ਤੋਂ ਇਨਕਾਰ ਕਰ ਦਿੱਤਾ। ਅਮਰੀਕੀ ਮੀਡੀਆ 'ਚ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕੁਝ ਫ਼ੌਜੀ ਉਪਕਰਨ ਵੀ ਸੀਰੀਆ ਤੋਂ ਵਾਪਸ ਭੇਜੇ ਜਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੀ 19 ਦਸੰਬਰ ਨੂੰ ਸੀਰੀਆ ਤੋਂ ਸੈਨਿਕਾਂ ਦੀ ਵਾਪਸੀ ਦਾ ਐਲਾਨ ਕੀਤਾ ਸੀ। ਉਸ ਤੋਂ ਬਾਅਦ ਤੋਂ ਸੈਨਿਕਾਂ ਦੀ ਵਾਪਸੀ ਦੀ ਇਹ ਪਹਿਲੀ ਪ੍ਰਕਿਰਿਆ ਹੈ। ਸੀਰੀਆ 'ਚ ਕਰੀਬ ਦੋ ਹਜ਼ਾਰ ਅਮਰੀਕੀ ਸੈਨਿਕ ਮੌਜੂਦ ਹਨ।

ਗਠਜੋੜ ਫ਼ੌਜ ਦੇ ਤਰਜਮਾਨ ਸੀਨ ਰੇਆਨ ਨੇ ਕਿਹਾ, 'ਸੀਰੀਆ ਤੋਂ ਸੈਨਿਕਾਂ ਦੀ ਵਾਪਸੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਸੁਰੱਖਿਆ ਕਾਰਨਾਂ ਦੇ ਨਜ਼ਰੀਏ ਨਾਲ ਅਸੀਂ ਇਨ੍ਹਾਂ ਸੈਨਿਕਾਂ ਦੀ ਸਰਗਰਮੀ, ਸਮਾਂ ਤੇ ਸਥਾਨ ਦੀ ਜਾਣਕਾਰੀ ਨਹੀਂ ਦੇ ਸਕਦੇ।' ਬਿ੫ਟੇਨ ਸਥਿਤ ਮਨੁੱਖੀ ਅਧਿਕਾਰ ਸੰਗਠਨ ਸੀਰੀਅਨ ਆਬਜ਼ਰਵੇਟਰੀ ਦੇ ਮੁਖੀ ਰਾਮੀ ਅਬਦੇਲ ਰਹਿਮਾਨ ਮੁਤਾਬਕ, ਗਠਜੋੜ ਫ਼ੌਜ ਨੇ ਸੀਰੀਆ ਦੇ ਉੱਤਰੀ ਸੂਬੇ ਹਸਾਕੇਹ ਦੇ ਰਮੇਲਨ ਫ਼ੌਜੀ ਬੇਸ 'ਚ ਸੈਨਿਕਾਂ ਦੀ ਗਿਣਤੀ 'ਚ ਕਟੌਤੀ ਸ਼ੁਰੂ ਕੀਤੀ ਹੈ।