ਤਾਇਪੇ (ਏਪੀ) : ਚੀਨ ਨੇ ਸੋਮਵਾਰ ਨੂੰ ਅਮਰੀਕਾ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਸ ਨੇ ਤਾਇਵਾਨ ਨਾਲ ਆਪਣੀ ਆਗਾਮੀ ਆਰਥਿਕ ਵਾਰਤਾ ਰੱਦ ਨਾ ਕੀਤੀ ਤਾਂ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਕਾਫ਼ੀ ਨੁਕਸਾਨ ਪਹੁੰਚ ਸਕਦਾ ਹੈ। ਅਮਰੀਕਾ-ਤਾਇਵਾਨ ਆਰਥਿਕ ਵਾਰਤਾ ਵਿਚ ਅਮਰੀਕਾ ਦੇ ਇਕ ਸੀਨੀਅਰ ਅਧਿਕਾਰੀ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਤਾਇਵਾਨ ਦੇ ਵਿਦੇਸ਼ ਮੰਤਰਾਲੇ ਨੇ ਪਿਛਲੇ ਹਫ਼ਤੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਹ ਅਮਰੀਕਾ ਨਾਲ ਹੋਣ ਵਾਲੀ ਵਾਰਤਾ ਵਿਚ ਹਿੱਸਾ ਲੈਣਗੇ। ਹਾਲਾਂਕਿ ਉਨ੍ਹਾਂ ਨੇ ਵਾਰਤਾ ਦੀ ਤਰੀਕ ਅਤੇ ਅਮਰੀਕਾ ਵੱਲੋਂ ਵਾਰਤਾ ਵਿਚ ਕੌਣ ਹਿੱਸਾ ਲਵੇਗਾ, ਇਸ ਸਬੰਧ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਸੀ।

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਅਮਰੀਕਾ ਨੂੰ ਕਿਹਾ ਕਿ ਉਹ ਤਾਇਵਾਨ ਨਾਲ ਹਰ ਤਰ੍ਹਾਂ ਦੀ ਅਧਿਕਾਰਤ ਗੱਲਬਾਤ ਬੰਦ ਕਰਕੇ ਚੀਨ-ਅਮਰੀਕਾ ਸਬੰਧਾਂ ਨੂੰ ਬਹੁਤ ਖ਼ਰਾਬ ਹੋਣ ਤੋਂ ਰੋਕੇ। ਨਾਲ ਹੀ ਤਾਇਵਾਨ ਜਲਡਮਰੂਮੱਧ ਵਿਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖੇ। ਤਾਇਵਾਨੀ ਮੀਡੀਆ ਵਿਚ ਆਈਆਂ ਖ਼ਬਰਾਂ ਅਨੁਸਾਰ ਅਮਰੀਕਾ ਦੇ ਆਰਥਿਕ ਵਿਕਾਸ, ਊਰਜਾ ਅਤੇ ਵਾਤਾਵਰਨ ਮਾਮਲਿਆਂ ਦੇ ਉਪ ਮੰਤਰੀ ਕੀਥ ਕ੍ਰਾਚ ਇਸ ਹਫ਼ਤੇ ਦੇ ਅੰਤ ਵਿਚ ਤਾਇਵਾਨ ਦੀ ਸਰਕਾਰ ਨਾਲ ਆਰਥਿਕ ਅਤੇ ਵਣਜਿਕ ਵਾਰਤਾ ਲਈ ਦੀਪੀ ਦੇਸ਼ ਆ ਰਹੇ ਹਨ। ਇਸ ਤੋਂ ਪਹਿਲੇ ਅਮਰੀਕਾ ਦੇ ਸਿਹਤ ਮੰਤਰੀ ਅਲੈਕਸ ਅਜਾਰ ਪਿਛਲੇ ਮਹੀਨੇ ਤਾਇਵਾਨ ਦੀ ਯਾਤਰਾ 'ਤੇ ਆਏ ਸਨ। ਅਮਰੀਕਾ ਅਤੇ ਤਾਇਵਾਨ ਸਰਕਾਰ ਵਿਚਕਾਰ 1979 ਵਿਚ ਰਸਮੀ ਸਬੰਧ ਖ਼ਤਮ ਹੋਣ ਪਿੱਛੋਂ ਅਜਾਰ ਤਾਇਵਾਨ ਦੀ ਯਾਤਰਾ ਕਰਨ ਵਾਲੇ ਪਹਿਲੇ ਚੋਟੀ ਦੇ ਅਮਰੀਕੀ ਨੇਤਾ ਹਨ। ਇਹ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਅਮਰੀਕੀ ਮੰਤਰੀ ਕ੍ਰਾਚ ਦੀ ਯਾਤਰਾ ਨਾਲ ਚੀਨ ਹੋਰ ਨਾਰਾਜ਼ ਹੋਵੇਗਾ। ਚੀਨ ਖ਼ੁਦਮੁਖਤਾਰ ਤਾਇਵਾਨ ਨੂੰ ਆਪਣੇ ਦੇਸ਼ ਦਾ ਹਿੱਸਾ ਮੰਨਦਾ ਹੈ ਅਤੇ ਹੋਰ ਦੇਸ਼ਾਂ ਨਾਲ ਇਸ ਦੀਪੀ ਦੇਸ਼ ਦੇ ਦੋਪੱਖੀ ਸੰਪਰਕ ਅਤੇ ਸਬੰਧਾਂ ਦੇ ਖ਼ਿਲਾਫ਼ ਹੈ।