ਬਗਦਾਦ (ਰਾਇਟਰ) : ਸੀਰੀਆ 'ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐੱਸ) ਨਾਲ ਜੰਗ ਲੜਨ ਵਾਲੀ ਅਮਰੀਕਾ ਹਮਾਇਤੀ ਸੀਰੀਆਈ ਡੈਮੋਕ੍ਰੇਟਿਕ ਫੋਰਸਿਸ (ਐੱਸਡੀਐੱਫ) ਨੇ ਇਰਾਕ ਨੂੰ 280 ਇਰਾਕੀ ਤੇ ਵਿਦੇਸ਼ੀ ਕੈਦੀ ਸੌਂਪੇ ਹਨ। ਇਰਾਕੀ ਫ਼ੌਜ ਨੇ ਇਸਦੀ ਪੁਸ਼ਟੀ ਕੀਤੀ ਹੈ। 130 ਕੈਦੀ ਐਤਵਾਰ ਨੂੰ ਸੌਂਪੇ ਗਏ ਜਦਕਿ 150 ਪਿਛਲੇ ਵੀਰਵਾਰ ਨੂੰ ਹੀ ਇਰਾਕ ਭੇਜ ਦਿੱਤੇ ਗਏ ਸਨ। ਕੈਦੀਆਂ ਦੀ ਟਰਾਂਸਫਰ ਨਾਲ ਜੁੜੇ ਇਕ ਅਧਿਕਾਰੀ ਮੁਤਾਬਕ, 280 'ਚੋਂ 14 ਕੈਦੀ ਫਰਾਂਸ ਤੇ ਛੇ ਅਰਬ ਦੇਸ਼ ਦੇ ਨਾਗਰਿਕ ਦੱਸੇ ਜਾ ਰਹੇ ਹਨ। ਹਾਲੇ ਤਕ ਇਹ ਸਪੱਸ਼ਟ ਨਹੀਂ ਹੈ ਕਿ ਵਿਦੇਸ਼ੀ ਕੈਦੀਆਂ ਨੂੰ ਇਰਾਕ ਦੀ ਹਿਰਾਸਤ 'ਚ ਰੱਖਿਆ ਜਾਵੇਗਾ ਜਾਂ ਉਨ੍ਹਾਂ ਦੇ ਦੇਸ਼ ਭੇਜ ਦਿੱਤਾ ਜਾਵੇਗਾ।

ਇਰਾਕ ਦੇ ਅਲ-ਕਾਇਮ ਇਲਾਕੇ ਦੇ ਮੇਅਰ ਅਹਿਮਦ ਅਲ ਮਹਾਲਵੀ ਨੇ ਕਿਹਾ ਕਿ ਕੁਝ ਅੱਤਵਾਦੀਆਂ ਦੇ ਪਰਿਵਾਰਕ ਮੈਂਬਰ ਵੀ ਸੌਂਪੇ ਗਏ ਹਨ। ਇਰਾਕ ਤੇ ਐੱਸਡੀਐੱਫ ਦਰਮਿਆਨ ਹੋਏ ਸਮਝੌਤੇ ਤਹਿਤ ਸੀਰੀਆ 'ਚ ਫੜੇ ਗਏ 500 ਕੈਦੀਆਂ ਨੂੰ ਇਰਾਕ ਦੇ ਹਵਾਲੇ ਕੀਤਾ ਜਾਣਾ ਹੈ। ਐੱਸਡੀਐੱਫ ਨੇ ਸੀਰੀਆ 'ਚ ਆਈਐੱਸ ਦੇ ਕਰੀਬ 800 ਅੱਤਵਾਦੀਆਂ ਨੂੰ ਫੜਿਆ ਸੀ। ਇਨ੍ਹਾਂ ਅੱਤਵਾਦੀਆਂ ਦੇ ਪਰਿਵਾਰ ਦੇ ਦੋ ਹਜ਼ਾਰ ਤੋਂ ਵੱਧ ਲੋਕ ਸੀਰੀਆ ਦੇ ਸ਼ਰਨਾਰਥੀ ਕੈਂਪ 'ਚ ਹਨ। ਅਮਰੀਕਾ ਹਮਾਇਤ ਗਠਜੋੜ ਫ਼ੌਜ ਦਾ ਕਹਿਣਾ ਹੈ ਕਿ ਉਸ ਨੇ ਸੀਰੀਆ 'ਚ ਆਈਐੱਸ ਦੇ ਅੱਤਵਾਦੀਆਂ ਨੂੰ 700 ਵਰਗ ਕਿਲੋਮੀਟਰ ਦੇ ਦਾਇਰੇ 'ਚ ਸਮੇਟ ਦਿੱਤਾ ਹੈ। ਮੰਨਿਆ ਜਾਂਦਾ ਹੈ ਕਿ ਆਈਐੱਸ ਦਾ ਸਰਗਨਾ ਅਬੂ ਬਕਰ ਅਲ-ਬਗਦਾਦੀ ਵੀ ਇਸੇ ਇਲਾਕੇ 'ਚ ਲੁਕਿਆ ਹੋ ਸਕਦਾ ਹੈ।