ਮੁਜ਼ੱਫਰਾਬਾਦ (ਏਐੱਨਆਈ) : ਮਕਬੂਜ਼ਾ ਕਸ਼ਮੀਰ (ਗਿਲਗਿਤ-ਬਾਲਟਿਸਤਾਨ) ’ਚ ਚੋਣਾਂ ਦੌਰਾਨ ਸਰਕਾਰੀ ਅਰਾਜਕਤਾ ਤੇ ਧਾਂਦਲੀ ਕਾਰਨ ਪਾਕਿਸਤਾਨੀ ਫ਼ੌਜ ਖ਼ਿਲਾਫ਼ ਬਗ਼ਾਵਤ ਹੋ ਗਈ ਹੈ। ਹਜ਼ਾਰਾਂ ਲੋਕ ਸੜਕਾਂ ’ਤੇ ਉਤਰ ਆਏ ਹਨ ਤੇ ਉਨ੍ਹਾਂ ਦੀ ਕਈ ਥਾਵਾਂ ’ਤੇ ਸੁਰੱਖਿਆ ਬਲਾਂ ਨਾਲ ਝੜਪ ਹੋਈ। ਜਗ੍ਹਾ-ਜਗ੍ਹਾ ਰਸਤਾ ਜਾਮ ਕਰ ਦਿੱਤਾ ਗਿਆ ਹੈ।

ਮਕਬੂਜ਼ਾ ਕਸ਼ਮੀਰ ’ਚ 25 ਜੁਲਾਈ ਨੂੰ ਹੋਈਆਂ ਵਿਧਾਨ ਸਭਾ ਚੋਣਾਂ ’ਚ ਪਾਕਿ ’ਚ ਸੱਤਾਧਾਰੀ ਇਮਰਾਨ ਖ਼ਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਨੇ ਧਾਂਦਲੀ ਕੀਤੀ। ਇਸ ਧਾਂਦਲੀ ਤੇ ਅਰਾਜਕਤਾ ’ਚ ਇਲੈਕਸ਼ਨ ਕਮਿਸ਼ਨ ਅਤੇ ਪੁਲਿਸ ਤੋਂ ਲੈ ਕੇ ਫ਼ੌਜ ਤਕ ਸਾਰਿਆਂ ਨੇ ਸਾਥ ਦਿੱਤਾ। ਇਸ ਕਾਰਨ ਵੋਟਿੰਗ ਦੌਰਾਨ ਵੱਡੇ ਪੱਧਰ ’ਤੇ ਹਿੰਸਕ ਵਾਰਦਾਤਾਂ ਹੋਈਆਂ। ਇਮਰਾਨ ਦੀ ਪਾਰਟੀ ਦੇ ਦੋ ਵਰਕਰਾਂ ਦੀ ਮੌਤ ਦੇ ਨਾਲ ਹੀ ਸੈਂਕੜੇ ਲੋਕ ਜ਼ਖ਼ਮੀ ਹੋ ਗਏ। ਚੋਣ ਨਤੀਜਿਆਂ ’ਚ ਇਮਰਾਨ ਦੀ ਪਾਰਟੀ ਨੂੰ 45 ’ਚੋਂ 25 ਸੀਟਾਂ ਹਾਸਲ ਹੋਈਆਂ। ਇਸ ਤੋਂ ਬਾਅਦ ਪੂਰੀ ਘਾਟੀ ’ਚ ਪਾਕਿਸਤਾਨੀ ਫ਼ੌਜ ਤੇ ਸਰਕਾਰ ਦੇ ਵਿਰੋਧ ’ਚ ਹਜ਼ਾਰਾਂ ਲੋਕ ਸੜਕਾਂ ’ਤੇ ਉਤਰ ਆਏ। ਗੁਜਰਾਂਵਾਲਾ ’ਚ ਕਈ ਥਾਵਾਂ ’ਤੇ ਜਨਤਾ ਤੇ ਸੁਰੱਖਿਆ ਬਲਾਂ ਵਿਚਾਲੇ ਹਿੰਸਕ ਝੜਪਾਂ ਹੋਈਆਂ। ਗੁੱਸੇ ’ਚ ਆਏ ਲੋਕਾਂ ਨੇ ਟਾਇਰਾਂ ਨੂੰ ਅੱਗ ਲਾ ਕੇ ਸੜਕਾਂ ’ਤੇ ਸੁੱਟ ਦਿੱਤੇ। ਕਈ ਥਾਵਾਂ ’ਤੇ ਪਥਰਾਅ ਵੀ ਕੀਤਾ ਗਿਆ। ਵਿਰੋਧੀ ਪਾਰਟੀ ਪੀਐੱਮਐੱਲ-ਐੱਨ ਦੀ ਤਰਜ਼ਮਾਨ ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਅਲੀਪੁਰ ਛਾਤਾ ’ਚ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਗੁੰਡਿਆਂ ਨੇ ਹਿੰਸਾ ਫੈਲਾਈ ਤੇ ਵਰਕਰਾਂ ’ਤੇ ਹਮਲੇ ਕੀਤੇ। ਇੱਥੇ ਪੁਲਿਸ ਤੇ ਫ਼ੌਜ ਨੇ ਗੁੰਡਿਆਂ ਦਾ ਹੀ ਸਾਥ ਦਿੱਤਾ।

ਰਸਤਾ ਜਾਮ ਕਰਨ ਦੌਰਾਨ ਸੁਰੱਖਿਆ ਬਲਾਂ ਨਾਲ ਭਿੜਦੇ ਲੋਕਾਂ ਨੇ ਫ਼ੌਜ ਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਫ਼ੌਜ ਖ਼ਿਲਾਫ਼ ਖੁੱਲ੍ਹ ਕੇ ਬਗ਼ਾਵਤ ਹੋ ਗਈ ਹੈ।

ਪੀਐੱਮਐੱਲ-ਐੱਨ ਦੀ ਮੀਤ ਪ੍ਰਧਾਨ ਮਰੀਅਮ ਨਵਾਜ਼ ਨੇ ਕਿਹਾ ਕਿ ਉਹ ਇਨ੍ਹਾਂ ਚੋਣ ਨਤੀਜਿਆਂ ਨੂੰ ਸਵੀਕਾਰ ਨਹੀਂ ਕਰੇਗੀ, ਜੋ ਗੁੰਡਾਗਰਦੀ ਨਾਲ ਹਾਸਲ ਕੀਤੇ ਗਏ ਹਨ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਮੀਤ ਪ੍ਰਧਾਨ ਸ਼ੇਰ ਰਹਿਮਾਨ ਨੇ ਕਿਹਾ ਕਿ ਯੋਜਨਾਬੱਧ ਸਾਜ਼ਿਸ਼ ਤੇ ਧਾਂਦਲੀ ਕਰ ਕੇ ਚੋਣਾਂ ਨਤੀਜਿਆਂ ਨੂੰ ਪ੍ਰਭਾਵਿਤ ਕੀਤਾ ਗਿਆ ਹੈ।

ਮਕਬੂਜ਼ਾ ਕਸ਼ਮੀਰ ਦੇ ਕਥਿਤ ਪ੍ਰਧਾਨ ਮੰਤਰੀ ਰਾਜਾ ਫਾਰੂਕ ਹੈਦਰ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦਿਖਾਵਾ ਸਨ। ਇਸ ਤੋਂ ਪਹਿਲਾਂ ਪੀਐੱਮਐੱਲ-ਨਵਾਜ਼ ਦੇ ਨੇਤਾ ਤੇ ਉਮੀਦਵਾਰ ਚੌਧਰੀ ਮੁਹੰਮਦ ਇਸਮਾਈਲ ਗੁੱਜਰ ਨੇ ਕਿਹਾ ਕਿ ਸਰਕਾਰ ਦੀ ਇਸ ਧਾਂਦਲੀ ਖ਼ਿਲਾਫ਼ ਭਾਰਤ ਕੋਲੋਂ ਮਦਦ ਲਈ ਜਾਵੇਗੀ।

Posted By: Susheel Khanna