ਬੀਜਿੰਗ (ਏਜੰਸੀ) : ਚੀਨ 'ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ 1500 ਦੇ ਕਰੀਬ ਪਹੁੰਚ ਗਈ ਹੈ। ਜ਼ਿਆਦਾਤਰ ਮੌਤਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁਬੇਈ ਸੂਬੇ 'ਚ ਹੋਈਆਂ ਹਨ। ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੂਰੇ ਦੇਸ਼ 'ਚ ਇਸ ਵਾਇਰਸ ਨਾਲ ਕਰੀਬ 65 ਹਜ਼ਾਰ ਲੋਕ ਪ੍ਰਭਾਵਿਤ ਹਨ। ਸੰਕ੍ਰਮਿਤ ਮਰੀਜ਼ਾਂ ਦੀ ਦੇਖਭਾਲ 'ਚ ਲੱਗੇ ਛੇ ਸਿਹਤ ਮੁਲਾਜ਼ਮ ਵੀ ਆਪਣੀ ਜਾਨ ਗੁਆ ਚੁੱਕੇ ਹਨ। 1700 ਸਿਹਤ ਮੁਲਾਜ਼ਮ ਵੀ ਵਾਇਰਸ ਨਾਲ ਪ੍ਰਭਾਵਿਤ ਹਨ।

ਸੂਬਾਈ ਸਿਹਤ ਕਮਿਸ਼ਨ ਦੇ ਮੁਤਾਬਕ, ਵੀਰਵਾਰ ਨੂੰ ਹੁਬੇਈ 'ਚ ਕੋਰੋਨਾ ਵਾਇਰਸ ਦੇ 4,823 ਨਵੇਂ ਮਾਮਲੇ ਸਾਹਮਣੇ ਆਏ ਤੇ 116 ਲੋਕਾਂ ਦੀ ਮੌਤ ਹੋਈ। ਇਸ ਤਰ੍ਹਾਂ ਹੁਣ ਤਕ ਜਾਨ ਗੁਆਉਣ ਵਾਲਿਆਂ ਦੀ ਗਿਣਤੀ 1488 ਹੋ ਗਈ ਹੈ। ਹੁਬੇਈ ਸੂਬੇ 'ਚ ਇਕ ਦਿਨ ਪਹਿਲਾਂ ਇਸ ਖ਼ਤਰਨਾਕ ਕੋਰੋਨਾ ਵਾਇਰਸ ਨਾਲ ਰਿਕਾਰਡ 242 ਲੋਕਾਂ ਦੀ ਮੌਤ ਹੋਈ ਸੀ।

ਆਸਟ੍ਰੇਲੀਆ 'ਚ ਚੀਨ ਦੇ ਵਿਦਿਆਰਥੀਆਂ 'ਤੇ ਰੋਕ

ਆਸਟ੍ਰੇਲੀਆ ਦੀ ਸਰਕਾਰ ਨੇ ਆਪਣੇ ਇੱਥੇ ਅਧਿਐਨ ਕਰ ਰਹੇ ਚੀਨ ਦੇ ਵਿਦਿਆਰਥੀਆਂ 'ਤੇ ਯਾਤਰਾ ਪਾਬੰਦੀ ਵਧਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਨਾਰਾਜ਼ ਪ੍ਰਮੁੱਖ ਆਸਟ੍ਰੇਲੀਆਈ ਯੂਨੀਵਰਸਿਟੀਆਂ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਦੇਸ਼ 'ਚ ਚੀਨ ਤੋਂ ਆਉਣ ਵਾਲੇ ਵਿਦਿਆਰਥੀਆਂ 'ਤੇ ਯਾਤਰਾ ਪਾਬੰਦੀ ਦੀ ਮਿਆਦ ਵਧਾਈ ਗਈ ਤਾਂ ਅਜਿਹੀ ਸਥਿਤੀ 'ਚ ਉਹ ਹੋਰ ਬਦਲ ਆਜ਼ਮਾ ਸਕਦੇ ਹਨ।

ਯੂਨੀਵਰਸਿਟੀਆਂ ਨੂੰ ਇਸ ਤੋਂ ਕਰੋੜਾਂ ਡਾਲਰ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਆਸਟ੍ਰੇਲੀਆ ਦੀਆਂ ਅੱਠ ਪ੍ਰਮੁੱਖ ਯੂਨੀਵਰਸਿਟੀਆਂ 'ਚ ਚੀਨ ਦੇ ਕਰੀਬ 70 ਹਜ਼ਾਰ ਵਿਦਿਆਰਥੀ ਆਪਣਾ ਅਗਲਾ ਸਮੈਸਟਰ ਸ਼ੁਰੂ ਕਰਨ ਵਾਲੇ ਸਨ। ਪਰ ਇਕ ਫਰਵਰੀ ਤੋ ਯਾਤਰਾ ਪਾਬੰਦੀ ਦੇ ਕਾਰਨ ਉਨ੍ਹਾਂ ਦੀ ਪੜ੍ਹਾਈ ਰੁੱਕ ਗਈ ਹੈ।

ਪ੍ਰਦਾਨ ਮੰਤਰੀ ਸਕਾਟ ਮੌਰਿਸਨ ਨੇ ਵੀਰਵਾਰ ਨੂੰ ਕਿਹਾ ਸੀ ਕਿ ਯਾਤਰਾ ਪਾਬੰਦੀ ਘੱਟੋ-ਘੱਟ ਇਕ ਹਫਤੇ ਹੋਰ ਵਧਾਈ ਜਾਵੇਗੀ। ਚੀਨ ਨੇ ਉਨ੍ਹਾਂ ਦੇ ਇਸ ਕਦਮ 'ਤੇ ਨਾਖੁਸ਼ੀ ਪ੍ਰਗਟਾਈ ਸੀ।