ਸੰਯੁਕਤ ਰਾਸ਼ਟਰ (ਏਪੀ) : ਦੁਨੀਆ 'ਚ ਕੋਰੋਨਾ ਮਹਾਮਾਰੀ ਦੀ ਜਿੰਮੇਵਾਰੀ ਦੇ ਮਸਲੇ 'ਤੇ ਵੀਰਵਾਰ ਨੂੰ ਚੀਨ, ਰੂਸ ਅਤੇ ਅਮਰੀਕਾ ਸੰਯੁਕਤ ਰਾਸ਼ਟਰ (ਯੂਐੱਨ) ਵਿਚ ਭਿੜ ਗਏ ਜਦਕਿ ਦੋ ਦਿਨ ਪਹਿਲੇ ਹੀ ਸੰਯੁਕਤ ਰਾਸ਼ਟਰ ਸਕੱਤਰ ਜਨਰਲ ਐਂਟੋਨੀਓ ਗੁਤਰਸ ਨੇ ਅਜੇ ਵੀ ਕੰਟਰੋਲ ਨਾ ਹੋ ਰਹੇ ਕੋਰੋਨਾ ਵਾਇਰਸ ਨਾਲ ਨਿਪਟਣ ਵਿਚ ਅੰਤਰਰਾਸ਼ਟਰੀ ਸਹਿਯੋਗ ਦੀ ਘਾਟ 'ਤੇ ਚਿੰਤਾ ਪ੍ਰਗਟ ਕੀਤੀ ਸੀ।

'ਕੋਵਿਡ-19 ਦੇ ਬਾਅਦ ਵਿਸ਼ਵ ਪ੍ਰਸ਼ਾਸਨ' 'ਤੇ ਵਰਚੂਅਲ ਬੈਠਕ ਦੀ ਸਮਾਪਤੀ 'ਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਸਭ ਤੋਂ ਪਹਿਲੇ ਬੋਲਦੇ ਹੋਏ ਕਿਹਾ ਕਿ ਅਜਿਹੇ ਚੁਣੌਤੀਪੂਰਣ ਸਮੇਂ ਵਿਚ ਮਨੁੱਖ ਜਾਤੀ ਦੇ ਭਵਿੱਖ ਨੂੰ ਤਰਜੀਹ ਦੇਣ ਦੀ ਜਿੰਮੇਵਾਰੀ ਵੱਡੇ ਦੇਸ਼ਾਂ 'ਤੇ ਜ਼ਿਆਦਾ ਹੈ, ਠੰਡੀ ਜੰਗ ਦੀ ਮਾਨਸਿਕਤਾ ਅਤੇ ਵਿਚਾਰਕ ਮੱਤਭੇਦਾਂ ਨੂੰ ਛੱਡੀਏ ਅਤੇ ਕਠਿਨਾਈਆਂ ਤੋਂ ਉਭਰਨ ਲਈ ਭਾਈਵਾਲੀ ਦੀ ਭਾਵਨਾ ਨਾਲ ਅੱਗੇ ਆਈਏ। ਰੂਸ, ਸੀਰੀਆ ਅਤੇ ਹੋਰ ਦੇਸ਼ਾਂ 'ਤੇ ਇਕਤਰਫ਼ਾ ਪਾਬੰਦੀਆਂ ਲਗਾਉਣ ਲਈ ਅਮਰੀਕਾ ਅਤੇ ਯੂਰਪੀ ਸੰਘ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਕਾਨੂੰਨ ਨੂੰ ਮਾਨਤਾ ਦੇਣ ਅਤੇ ਪਵਿੱਤਰਤਾ ਦੀ ਰੱਖਿਆ ਕਰਨ ਲਈ ਇਕਤਰਫ਼ਾ ਪਾਬੰਦੀਆਂ ਦਾ ਵਿਰੋਧ ਕਰਨ ਦੀ ਲੋੜ ਹੈ।

ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰਾਵ ਨੇ ਕਿਹਾ ਕਿ ਮਹਾਮਾਰੀ ਅਤੇ ਇਸ ਦੇ ਸਾਂਝੀ ਬਦਕਿਸਮਤੀ ਨੇ ਅੰਤਰ-ਦੇਸ਼ੀ ਮੱਤਭੇਦਾਂ ਨੂੰ ਖ਼ਤਮ ਨਹੀਂ ਕੀਤਾ ਸਗੋਂ ਹੋਰ ਡੂੰਘਾ ਕਰ ਦਿੱਤਾ ਹੈ। ਸਾਰੇ ਦੇਸ਼ ਉਨ੍ਹਾਂ ਲਈ ਵਿਦੇਸ਼ ਵੱਲ ਦੇਖ ਰਹੇ ਹਨ ਜੋ ਖ਼ੁਦ ਆਪਣੀਆਂ ਅੰਦਰੂਨੀ ਸਮੱਸਿਆਵਾਂ ਲਈ ਜਿੰਮੇਵਾਰ ਹਨ। ਕੁਝ ਦੇਸ਼ ਮੌਜੂਦਾ ਸਥਿਤੀ ਦੀ ਵਰਤੋਂ ਨਾਪਸੰਦ ਸਰਕਾਰਾਂ ਤੋਂ ਬਦਲਾ ਲੈਣ ਲਈ ਆਪਣੇ ਛੋਟੇ ਹਿੱਤਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦੋਵਾਂ ਦੇਸ਼ਾਂ ਦੇ ਬਿਆਨਾਂ ਤੋਂ ਗੁੱਸੇ ਵਿਚ ਆਏ ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਜਦੂਤ ਕੇਲੀ ਕ੍ਰਾਫਟ ਨੇ ਕਿਹਾ ਕਿ ਤੁਹਾਡੇ ਵਿੱਚੋਂ ਹਰੇਕ 'ਤੇ ਸ਼ਰਮ ਆਉਂਦੀ ਹੈ। ਮੈਂ ਅੱਜ ਦੀ ਚਰਚਾ ਤੋਂ ਹੈਰਾਨ ਅਤੇ ਨਿਰਾਸ਼ ਹਾਂ। ਉਨ੍ਹਾਂ ਕਿਹਾ ਕਿ ਹੋਰ ਪ੍ਰਤੀਨਿਧੀ ਰਾਜਨੀਤਕ ਉਦੇਸ਼ਾਂ ਲਈ ਇਸ ਮੌਕੇ ਨੂੰ ਗੁਆ ਰਹੇ ਸਨ। ਕ੍ਰਾਫਟ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਬਿਲਕੁਲ ਸਾਫ਼ ਕਰ ਚੁੱਕੇ ਹਨ ਕਿ ਅਸੀਂ ਉਹੀ ਕਰਾਂਗੇ ਜੋ ਸਹੀ ਹੈ ਭਾਵੇਂ ਉਹ ਗ਼ੈਰ-ਲੋਕਪਿ੍ਰਆ ਹੋਵੇ ਕਿਉਂਕਿ ਇਹ ਲੋਕਪਿ੍ਰਅਤਾ ਦਾ ਮੁਕਾਬਲਾ ਨਹੀਂ ਹੈ।

ਯੂਐੱਨਐੱਸਸੀ ਵਿਸਥਾਰ ਲਈ ਇਕਮੁਸ਼ਤ ਹੱਲ ਦੀ ਲੋੜ : ਚੀਨ

ਬੀਜਿੰਗ : ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰਰੀਸ਼ਦ (ਯੂਐੱਨਐੱਸਸੀ) ਵਿਚ ਭਾਰਤ ਦੇ ਦਾਖਲੇ ਵਿਚ ਰੋੜੇ ਅਟਕਾਉਂਦੇ ਰਹੇ ਚੀਨ ਨੇ ਵੀਰਵਾਰ ਨੂੰ ਕਿਹਾ ਕਿ ਵਿਸ਼ਵ ਸੰਸਥਾ ਦੇ ਚੋਟੀ ਦੇ ਅੰਗ ਦਾ ਵਿਸਥਾਰ ਕਰਨ ਲਈ ਸੁਧਾਰਾਂ 'ਤੇ ਗਹਿਰੇ ਮੱਤਭੇਦ ਹਨ। ਉਸ ਨੇ ਇਕ ਅਜਿਹੇ ਇਕਮੁਸ਼ਤ ਹੱਲ (ਪੈਕੇਜ ਸੋਲੂਸ਼ਨ) ਲਈ ਕੰਮ ਕਰਨ ਦੀ ਇੱਛਾ ਵੀ ਪ੍ਰਗਟਾਈ ਜੋ ਸਾਰੇ ਪੱਖਾਂ ਦੀਆਂ ਚਿੰਤਾਵਾਂ ਅਤੇ ਹਿੱਤਾਂ ਦਾ ਹੱਲ ਕਰ ਸਕੇ। ਦਰਅਸਲ, ਬੁੱਧਵਾਰ ਨੂੰ ਭਾਰਤ, ਜਾਪਾਨ, ਜਰਮਨੀ ਅਤੇ ਬ੍ਰਾਜ਼ੀਲ ਦੇ ਜੀ-4 ਸਮੂਹ ਨੇ ਯੂਐੱਨਐੱਸਸੀ ਵਿਚ ਸੁਧਾਰਾਂ ਵਿਚ ਦੇਰੀ 'ਤੇ ਚਿੰਤਾ ਪ੍ਰਗਟ ਕੀਤੀ ਸੀ। ਚੀਨ ਦਾ ਇਹ ਬਿਆਨ ਇਸੇ ਸੰਦਰਭ ਵਿਚ ਆਇਆ ਹੈ।