ਤਹਿਰਾਨ (ਏਜੰਸੀਆਂ) : ਈਰਾਨ ਨੇ ਆਪਣੇ ਪਰਮਾਣੂ ਟਿਕਾਣਿਆਂ ਦੇ ਸਬੰਧ ਵਿਚ ਸੰਯੁਕਤ ਰਾਸ਼ਟਰ (ਯੂਐੱਨ) ਦੀ ਨਿਗਰਾਨੀ ਕਮੇਟੀ 'ਤੇ ਨਵੀਆਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਉਸ ਨੇ ਵਧੀਕ ਪ੍ਰਰੋਟੋਕਾਲ ਤਹਿਤ ਅਚਾਨਕ ਜਾਂਚ ਦੇ ਅਧਿਕਾਰ ਨੂੰ ਅੱਧੀ ਰਾਤ ਪਿੱਛੋਂ ਖ਼ਤਮ ਕਰ ਦਿੱਤਾ। ਅਮਰੀਕਾ ਵੱਲੋਂ 2015 ਦੇ ਈਰਾਨ ਨਾਲ ਪਰਮਾਣੂ ਸਮਝੌਤੇ 'ਤੇ ਪਰਤਣ ਦੇ ਐਲਾਨ ਪਿੱਛੋਂ ਈਰਾਨ ਨੇ ਸਪੱਸ਼ਟ ਕੀਤਾ ਸੀ ਕਿ ਪਹਿਲੇ ਉਸ ਉਪਰ ਲਗਾਈਆਂ ਗਈਆਂ ਆਰਥਿਕ ਪਾਬੰਦੀਆਂ ਨੂੰ ਖ਼ਤਮ ਕੀਤਾ ਜਾਵੇ। ਉਧਰ, ਅਮਰੀਕਾ ਨੇ ਅਜੇ ਵੀ ਉਮੀਦ ਪ੍ਰਗਟਾਈ ਹੈ ਕਿ ਈਰਾਨ ਪੁਰਾਣੇ ਸਮਝੌਤੇ 'ਤੇ ਪਰਤੇਗਾ।

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋੋਨਾਲਡ ਟਰੰਪ ਦੇ ਕਾਰਜਕਾਲ ਵਿਚ 2018 ਪਿੱਛੋਂ ਈਰਾਨ ਦੇ ਸਬੰਧ ਬੁਰੀ ਤਰ੍ਹਾਂ ਵਿਗੜ ਗਏ ਜਦੋਂ ਉਨ੍ਹਾਂ ਨੇ 2015 ਦੇ ਪਰਮਾਣੂ ਸਮਝੌਤੇ ਤੋਂ ਆਪਣੇ ਦੇਸ਼ ਨੂੰ ਅਲੱਗ ਕਰ ਲਿਆ ਸੀ ਅਤੇ ਇਕ ਦੇ ਬਾਅਦ ਇਕ ਕਈ ਆਰਥਿਕ ਪਾਬੰਦੀਆਂ ਲਗਾ ਦਿੱਤੀਆਂ। ਹੁਣ ਅਮਰੀਕਾ ਦੇ ਜੋਅ ਬਾਇਡਨ ਪ੍ਰਸ਼ਾਸਨ ਨੇ ਸਮਝੌਤੇ 'ਤੇ ਪਰਤਣ ਦਾ ਐਲਾਨ ਕੀਤਾ ਹੈ।

ਉਧਰ, ਈਰਾਨ ਨੇ ਸੰਸਦ ਵਿਚ ਕਾਨੂੰਨ ਪਾਸ ਕਰ ਕੇ ਚਿਤਾਵਨੀ ਦਿੱਤੀ ਸੀ ਕਿ 23 ਫਰਵਰੀ ਤਕ ਜੇ ਆਰਥਿਕ ਪਾਬੰਦੀਆਂ ਨਾ ਹਟਾਈਆਂ ਗਈਆਂ ਤਾਂ ਵਧੀਕ ਪੋ੍ਰੋਟੋਕਾਲ ਖ਼ਤਮ ਕਰ ਦਿੱਤਾ ਜਾਵੇਗਾ। ਇਸ 'ਤੇ ਅੱਧੀ ਰਾਤ ਪਿੱਛੋਂ ਅਮਲ ਸ਼ੁਰੂ ਹੋ ਗਿਆ ਹੈ। ਵਧੀਕ ਪ੍ਰਰੋਟੋਕਾਲ ਦਾ ਮਤਲਬ ਹੈ ਕਿ ਅੰਤਰਰਾਸ਼ਟਰੀ ਦਰਸ਼ਕ ਤੁਰੰਤ ਪਰਮਾਣੂ ਟਿਕਾਣਿਆਂ ਦੀ ਜਾਂਚ ਕਰਨ ਲਈ ਜਾ ਸਕਦੇ ਹਨ। ਸੰਯੁਕਤ ਰਾਸ਼ਟਰ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਅੰਤਰਰਾਸ਼ਟਰੀ ਐਟੋਮਿਕ ਐਨਰਜੀ ਏਜੰਸੀ (ਆਈਏਈਏ) ਦੇ ਡਾਇਰੈਕਟਰ ਜਨਰਲ ਰਾਫੇਲ ਗ੍ਰੋਸੀ ਦੀ ਅਗਵਾਈ ਵਿਚ ਨਿਗਰਾਨੀ ਟੀਮ ਪਹਿਲੇ ਹੀ ਈਰਾਨ ਪੁੱਜ ਚੁੱਕੀ ਹੈ। ਟੀਮ ਦੀ ਜਾਂਚ ਦੇ ਸਬੰਧ ਵਿਚ ਈਰਾਨ ਨੇ ਕੱਲ੍ਹ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਸੀਮਤ ਜਾਂਚ ਦੀ ਇਜਾਜ਼ਤ ਦੇਵੇਗਾ ਅਤੇ ਕੈਮਰੇ ਤੋਂ ਫੁਟੇਜ ਵੀ ਨਹੀਂ ਲੈਣ ਦੇਵੇਗਾ।

ਅਸੀਂ ਸਮਝੌਤੇ ਨੂੰ ਤਿਆਰ : ਅਮਰੀਕਾ

ਈਰਾਨ ਨਾਲ ਪਰਮਾਣੂ ਸਮਝੌਤੇ 'ਤੇ ਦੁਬਾਰਾ ਪਰਤਣ ਲਈ ਅਮਰੀਕਾ ਨੇ ਵਾਰਤਾ ਕਰਨ ਦੀ ਮੁੜ ਇੱਛਾ ਪ੍ਰਗਟਾਈ ਹੈ। ਸੋਮਵਾਰ ਨੂੰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਰਾਈਸ ਨੇ ਕਿਹਾ ਕਿ ਅਮਰੀਕਾ ਸਮਝੌਤੇ ਨਾਲ ਜੁੜੇ ਬਿ੍ਟੇਨ, ਫਰਾਂਸ, ਚੀਨ, ਰੂਸ ਅਤੇ ਜਰਮਨੀ ਨਾਲ ਫਿਰ ਪੁਰਾਣੇ ਸਮਝੌਤੇ 'ਤੇ ਪਰਤਣ ਨੂੰ ਤਿਆਰ ਹੈ। ਉਨ੍ਹਾਂ ਨੇ ਈਰਾਨ ਦੇ ਯੂਰੇਨੀਅਮ ਸੋਧ ਨੂੰ 60 ਫ਼ੀਸਦੀ ਤਕ ਵਧਾਉਣ ਦੇ ਬਿਆਨ 'ਤੇ ਪ੍ਰਤੀਕਿਰਿਆ ਪ੍ਰਗਟ ਕੀਤੀ ਕਿ ਉਹ ਗੱਲਾਂ 'ਤੇ ਨਹੀਂ ਵਾਰਤਾ ਦੇ ਮੁੱਦਿਆਂ 'ਤੇ ਧਿਆਨ ਦੇਣਗੇ। ਈਰਾਨ ਦੇ ਵਧੀਕ ਪੋ੍ਰੋਟੋਕਾਲ ਦੇ ਇਲਾਵਾ ਆਈਏਈਏ ਨੂੰ ਸਾਧਾਰਨ ਜਾਂਚ ਦੀ ਅਗਲੇ ਤਿੰਨ ਮਹੀਨੇ ਤਕ ਦੀ ਇਜਾਜ਼ਤ ਦਿੱਤੀ ਹੈ। ਇਸ ਦੌਰਾਨ ਸਾਰੇ ਮੁੱਦਿਆਂ 'ਤੇ ਵਾਰਤਾ ਚੱਲਦੀ ਰਹੇਗੀ।

ਈਰਾਨ-ਅਮਰੀਕਾ ਸਮਝੌਤੇ ਦਾ ਮੁਸ਼ਕਲ ਹੈ ਰਸਤਾ

ਅਮਰੀਕਾ ਅਤੇ ਈਰਾਨ ਦੋਵਾਂ ਹੀ ਦੇਸ਼ਾਂ ਵਿਚ ਸਮਝੌਤੇ ਨੂੰ ਲੈ ਕੇ ਅਲੱਗ-ਅਲੱਗ ਵਿਚਾਰ ਹਨ। ਅਮਰੀਕਾ ਵਿਚ ਮੰਨਿਆ ਜਾ ਰਿਹਾ ਹੈ ਕਿ ਸਮਝੌਤੇ ਲਈ ਹੱਥ ਵਧਾਉਣ ਲਈ ਜਿਸ ਤਰ੍ਹਾਂ ਨਾਲ ਪਹਿਲ ਕੀਤੀ ਗਈ, ਉਸ ਵਿਚ ਪਾਬੰਦੀਆਂ ਨੂੰ ਪਹਿਲੇ ਹਟਾਉਣ ਦੀ ਜ਼ਿੱਦ ਨੇ ਰਸਤਾ ਮੁਸ਼ਕਲ ਕੀਤਾ ਹੈ। ਇਸੇ ਤਰ੍ਹਾਂ ਨਾਲ ਈਰਾਨ ਵਿਚ ਸਰਕਾਰੀ ਅਖ਼ਬਾਰ ਡੇਲੀ ਈਰਾਨ ਨੇ ਕਿਹਾ ਹੈ ਕਿ ਕੱਟੜਵਾਦੀ ਸੋਚ ਨਾਲ ਇਸ ਗੱਲ ਦੀ ਸ਼ੰਕਾ ਹੋ ਸਕਦੀ ਹੈ ਕਿ ਈਰਾਨ ਇਸ ਮੁੱਦੇ 'ਤੇ ਅਲੱਗ-ਥਲੱਗ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਕੱਟੜਵਾਦੀ ਸੋਚ ਰੱਖਣ ਵਾਲੇ ਈਰਾਨ ਵਿਚ ਆਈਏਈਏ ਦੀ ਸਾਧਾਰਨ ਜਾਂਚ ਦਾ ਵੀ ਵਿਰੋਧ ਕਰ ਰਹੇ ਹਨ।