ਸੰਯੁਕਤ ਰਾਸ਼ਟਰ (ਪੀਟੀਆਈ) : ਸੰਯੁਕਤ ਰਾਸ਼ਟਰ ਦੇ ਇਕ ਅਧਿਕਾਰੀ ਨੇ ਯੋਜਨਾਬੱਧ ਅੱਤਵਾਦ ਨੂੰ ਲੈ ਕੇ ਪਾਕਿਸਤਾਨ 'ਤੇ ਨਿਸ਼ਾਨਾ ਵਿੰਨਿ੍ਹਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਕ ਚੁਣੌਤੀ ਭਰਿਆ ਮੁੱਦਾ ਹੈ, ਕਿਉਂਕਿ ਇਸ ਨਾਲ ਦੁਨੀਆ ਦੇ ਕਈ ਹਿੱਸਿਆਂ 'ਚ ਸਥਿਰਤਾ ਨੂੰ ਨੁਕਸਾਨ ਪੁੱਜ ਸਕਦਾ ਹੈ।

ਸੰਯੁਕਤ ਰਾਸ਼ਟਰ ਦੇ ਅੱਤਵਾਦ ਵਿਰੋਧੀ ਦਫ਼ਤਰ ਦੇ ਅੰਡਰ ਜਨਰਲ ਸੈਕਟਰੀ ਵਾਲਦੀਮੀਰ ਵੋਰੋਂਕੋਵ ਨੇ ਵੀਰਵਾਰ ਨੂੰ ਇਕ ਡਿਜੀਟਲ ਪ੍ਰਰੈੱਸ ਬ੍ਰੀਫਿੰਗ ਦੌਰਾਨ ਕਿਹਾ ਕਿ ਮੈਂਬਰ ਦੇਸ਼ਾਂ ਨੂੰ ਯੋਜਨਾਬੱਧ ਅੱਤਵਾਦ 'ਤੇ ਚਰਚਾ ਕਰਨਾ ਚਾਹੀਦੀ। ਉਨ੍ਹਾਂ ਨੇ ਕਿਹਾ, 'ਯਕੀਨੀ ਤੌਰ 'ਤੇ ਇਹ ਬਹੁਤ ਚੁਣੌਤੀ ਭਰਿਆ ਮੁੱਦਾ ਹੈ, ਕਿਉਂਕਿ ਇਸ ਨਾਲ ਦੁਨੀਆ ਦੇ ਕਈ ਹਿੱਸਿਆਂ 'ਚ ਸਥਿਰਤਾ ਕਮਜ਼ੋਰ ਹੋ ਸਕਦੀ ਹੈ। ਉਨ੍ਹਾਂ ਨੇ ਭਾਰਤ ਖ਼ਿਲਾਫ਼ ਪਾਕਿਸਤਾਨ ਤੋਂ ਅੰਜਾਮ ਦਿੱਤੀਆਂ ਜਾ ਰਹੀਆਂ ਯੋਜਨਾਬੱਧ ਅੱਤਵਾਦੀ ਸਰਗਰਮੀਆਂ ਤੇ ਪਾਕਿਸਤਾਨ ਤੋਂ ਉਸ ਦੀ ਜ਼ਮੀਨ 'ਤੇ ਅੱਤਵਾਦੀ ਗਰੁੱਪਾਂ ਖ਼ਿਲਾਫ਼ ਕਾਰਵਾਈ ਦੀਆਂ ਮੰਗਾਂ 'ਤੇ ਇਕ ਸਵਾਲ ਦੇ ਜਵਾਬ 'ਚ ਇਹ ਗੱਲ ਕਹੀ। ਸੰਯੁਕਤ ਰਾਸ਼ਟਰ ਦੇ ਅੱਤਵਾਦ ਵਿਰੋਧੀ ਦਫ਼ਤਰ ਨੇ ਕਿਹਾ ਕਿ ਹਾਲੇ ਚੱਲ ਰਹੇ ਵਰਚੁਅਲ ਅੱਤਵਾਦੀ ਵਿਰੋਧੀ ਹਫ਼ਤੇ ਦੌਰਾਨ ਇਸ ਮੁੱਦੇ 'ਤੇ ਭਾਰਤ ਤੇ ਪਾਕਿਸਤਾਨ ਵਿਚਾਲੇ ਚਰਚਾ ਕਰਨੀ ਬਹੁਤ ਮੁਸ਼ਕਲ ਹੈ। ਅੱਤਵਾਦੀ ਵਿਰੋਧੀ ਹਫ਼ਤੇ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ ਰੱਜ ਕੇ ਭੰਡਿਆ ਸੀ।

ਭਾਰਤ ਨੇ ਪਾਕਿਸਤਾਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਦੁਨੀਆ ਕੌਮਾਂਤਰੀ ਮਹਾਮਾਰੀ ਨਾਲ ਲੜਨ ਲਈ ਇਕਜੁੱਟ ਹੋ ਰਹੀ ਹੈ ਪਰ ਅਜਿਹੇ 'ਚ ਇਹ ਮੰਦਭਾਗਾ ਹੈ ਕਿ ਸਰਹੱਦ ਤੋਂ ਪਾਰ ਅੱਤਵਾਦ ਨੂੰ ਯੋਜਨਾਬੱਧ ਕਰਨ ਵਾਲਾ ਦੇਸ਼ ਪਾਕਿਸਤਾਨ ਝੂਠੀਆਂ ਕਹਾਣੀਆਂ ਨੂੰ ਫੈਲਾਉਣ ਦੇ ਹਰ ਮੌਕੇ ਦੀ ਵਰਤੋਂ ਕਰ ਰਿਹਾ ਹੈ ਤੇ ਭਾਰਤ ਖ਼ਿਲਾਫ਼ ਨਿਰਆਧਾਰ, ਮੰਦਭਾਗਾ ਤੇ ਝੂਠਾ ਦੋਸ਼ ਲਾਉਂਦਾ ਹੈ ਤੇ ਉਸ ਦੇ ਅੰਦਰੂਨੀ ਮਾਮਲਿਆਂ 'ਚ ਦਖ਼ਲਅੰਦਾਜ਼ੀ ਕਰਦਾ ਹੈ।