ਵਿਆਨਾ (ਰਾਇਟਰ) : ਕੌਮਾਂਤਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਦੇ ਮੁਖੀ ਯੂਕੀਆ ਅਮਾਨੋ ਦਾ ਦੇਹਾਂਤ ਹੋ ਗਿਆ ਹੈ। 72 ਸਾਲਾ ਅਮਾਨੋ 2009 ਤੋਂ ਸੰਯੁਕਤ ਰਾਸ਼ਟਰ (ਯੂਐੱਨ) ਦੀ ਇਸ ਪਰਮਾਣੂ ਨਿਗਰਾਨੀ ਏਜੰਸੀ ਦੇ ਡਾਇਰੈਕਟਰ ਜਨਰਲ ਸਨ।

ਏਜੰਸੀ ਸਕੱਤਰੇਤ ਨੇ ਉਨ੍ਹਾਂ ਦੀ ਮੌਤ 'ਤੇ ਦੁੱਖ ਪ੍ਰਗਟਾਉਂਦੇ ਹੋਏ ਸੋਮਵਾਰ ਨੂੰ ਕਿਹਾ, 'ਬਹੁਤ ਖੇਦ ਨਾਲ ਸੂਚਿਤ ਕਰਨਾ ਪੈ ਰਿਹਾ ਹੈ ਕਿ ਆਈਏਈਏ ਦੇ ਡਾਇਰੈਕਟਰ ਜਨਰਲ ਯੂਕੀਆ ਅਮਾਨੋ ਹੁਣ ਨਹੀਂ ਰਹੇ।' ਏਜੰਸੀ ਦਾ ਕਹਿਣਾ ਹੈ ਕਿ ਸਿਹਤ ਸਬੰਧੀ ਕਾਰਨਾਂ ਨਾਲ ਉਹ ਛੇਤੀ ਹੀ ਆਪਣਾ ਅਹੁਦਾ ਛੱਡਣ ਦੀ ਤਿਆਰੀ 'ਚ ਸਨ। ਪਿਛਲੇ ਸਾਲ ਸਤੰਬਰ 'ਚ ਅਮਾਨੋ ਦੀ ਸਰਜਰੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ। ਪਰ ਇਸਦਾ ਕਾਰਨ ਸਪਸ਼ਟ ਨਹੀਂ ਕੀਤਾ ਗਿਆ ਸੀ। ਅਮਾਨੋ 2005 ਤੋਂ ਹੀ ਆਈਏਈਏ 'ਚ ਜਾਪਾਨ ਦੀ ਅਗਵਾਈ ਕਰ ਰਹੇ ਸਨ। ਜੁਲਾਈ, 2009 'ਚ ਉਨ੍ਹਾਂ ਨੂੰ ਏਜੰਸੀ ਦਾ ਡਾਇਰੈਕਟਰ ਜਨਰਲ ਚੁਣਿਆ ਗਿਆ ਸੀ। ਉਨ੍ਹਾਂ ਦਾ ਤੀਜਾ ਕਾਰਜਕਾਲ ਨਵੰਬਰ, 2021 'ਚ ਖ਼ਤਮ ਹੋਣਾ ਸੀ। ਪਰਮਾਣੂ ਹਥਿਆਰਬੰਦੀ ਤੇ ਪਰਮਾਣੂ ਸਬੰਧਤ ਕਈ ਮੁੱਦਿਆਂ ਦੇ ਮਾਹਿਰ ਅਮਾਨੋ ਨੇ ਈਰਾਨ ਨਾਲ ਪਰਮਾਣੂ ਸਮਝੌਤੇ 'ਚ ਵੀ ਅਹਿਮ ਭੂਮਿਕਾ ਨਿਭਾਈ ਸੀ। ਟੋਕੀਓ ਯੂਨੀਵਰਸਿਟੀ ਤੋਂ ਪੜ੍ਹੇ ਅਮਾਨੋ ਨੂੰ 1972 'ਚ ਜਾਪਾਨ ਦੇ ਵਿਦੇਸ਼ ਮੰਤਰਾਲੇ 'ਚ ਨਿਯੁਕਤ ਕੀਤਾ ਗਿਆ ਸੀ। ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਦੇ ਤੌਰ 'ਤੇ ਉਨ੍ਹਾਂ ਨੇ ਫਰਾਂਸ, ਅਮਰੀਕਾ ਤੇ ਸਵਿਟਜ਼ਰਲੈਂਡ ਸਮੇਤ ਕਈ ਦੇਸ਼ਾਂ 'ਚ ਕੰਮ ਕੀਤਾ।