ਏਜੰਸੀ, ਮਾਸਕੋ : ਰੂਸ ਨੂੰ ਸੰਯੁਕਤ ਰਾਸ਼ਟਰ ਮਹਾਸਭਾ 'ਚ ਹਿੱਸਾ ਲੈਣ ਲਈ ਹਰੀ ਝੰਡੀ ਦੇ ਦਿੱਤੀ ਗਈ ਸੀ। ਸਮਾਚਾਰ ਏਜੰਸੀ ਮੁਤਾਬਕ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਅਤੇ ਰੂਸੀ ਵਫ਼ਦ ਦੇ ਮੈਂਬਰਾਂ ਨੂੰ ਸੰਯੁਕਤ ਰਾਸ਼ਟਰ ਮਹਾਸਭਾ 'ਚ ਸ਼ਾਮਲ ਹੋਣ ਲਈ ਵੀਜ਼ਾ ਦਿੱਤਾ ਗਿਆ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦਾ 77ਵਾਂ ਸੈਸ਼ਨ ਵੀਰਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਵੀਜ਼ਾ ਮਿਲਣ ਤੋਂ ਪਹਿਲਾਂ ਰੂਸ ਨੇ ਅਮਰੀਕਾ 'ਤੇ ਵੀਜ਼ਾ ਨਾ ਦੇਣ ਦਾ ਦੋਸ਼ ਲਾਇਆ ਸੀ।

ਅਮਰੀਕਾ ਨੇ ਰੂਸ 'ਤੇ ਵੀਜ਼ਾ ਨਾ ਦੇਣ ਦਾ ਦੋਸ਼ ਲਗਾਇਆ

"ਅੱਜ, ਸਰਗੇਈ ਲਾਵਰੋਵ ਅਤੇ ਰੂਸੀ ਵਫ਼ਦ ਦੇ ਮੈਂਬਰਾਂ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਸ਼ਾਮਲ ਹੋਣ ਲਈ ਵੀਜ਼ਾ ਦਿੱਤਾ ਗਿਆ," ਇੰਟਰਫੈਕਸ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ। ਇਸ ਤੋਂ ਪਹਿਲਾਂ ਰੂਸ ਨੇ ਮੰਗਲਵਾਰ ਨੂੰ ਅਮਰੀਕਾ 'ਤੇ ਰੂਸੀ ਵਫ਼ਦ ਨੂੰ ਵੀਜ਼ਾ ਨਾ ਦੇ ਕੇ ਆਪਣੀਆਂ ਜ਼ਿੰਮੇਵਾਰੀਆਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਸੀ। ਇਹ ਵੀ ਦੱਸਿਆ ਗਿਆ ਕਿ ਰੂਸ ਇਸ ਮਾਮਲੇ ਨੂੰ ਲੈ ਕੇ ਸੰਯੁਕਤ ਰਾਸ਼ਟਰ ਅਤੇ ਅਮਰੀਕਾ ਦੋਵਾਂ 'ਤੇ ਸਖ਼ਤ ਕਦਮ ਚੁੱਕਣ ਦੀ ਤਿਆਰੀ ਕਰ ਰਿਹਾ ਹੈ।

ਜ਼ਿਕਰਯੋਗ ਕਿ ਇਸ ਸਾਲ ਫਰਵਰੀ ਦੇ ਅਖੀਰ ਵਿੱਚ ਸ਼ੁਰੂ ਹੋਈ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਅਜੇ ਵੀ ਜਾਰੀ ਹੈ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਜਾਣਕਾਰੀ ਦਿੱਤੀ ਕਿ ਇਸ ਮਹੀਨੇ ਦੀ ਸ਼ੁਰੂਆਤ ਤੋਂ ਯੂਕਰੇਨ ਦੀ ਫ਼ੌਜ ਨੇ ਰੂਸੀ ਫ਼ੌਜਾਂ ਤੋਂ ਜੰਗ ਪ੍ਰਭਾਵਿਤ ਦੇਸ਼ ਦੇ 6,000 ਵਰਗ ਕਿਲੋਮੀਟਰ ਖੇਤਰ ਨੂੰ ਆਜ਼ਾਦ ਕਰਵਾਇਆ ਹੈ। ਇੱਕ ਵੀਡੀਓ ਸੰਬੋਧਨ ਵਿੱਚ, ਯੂਕਰੇਨ ਦੇ ਰਾਸ਼ਟਰਪਤੀ ਨੇ ਸੋਮਵਾਰ ਨੂੰ ਕਿਹਾ, "ਸਤੰਬਰ ਦੀ ਸ਼ੁਰੂਆਤ ਤੋਂ, ਸਾਡੇ ਸੈਨਿਕਾਂ ਨੇ ਪੂਰਬ ਅਤੇ ਦੱਖਣ ਵਿੱਚ ਯੂਕਰੇਨ ਦੇ 6,000 ਵਰਗ ਕਿਲੋਮੀਟਰ ਤੋਂ ਵੱਧ ਖੇਤਰ ਨੂੰ ਆਜ਼ਾਦ ਕਰਵਾਇਆ ਹੈ।" ਸਾਡੇ ਸਿਪਾਹੀ ਅੱਗੇ ਵਧ ਰਹੇ ਹਨ।

Posted By: Jaswinder Duhra