ਕੀਵ (ਏਜੰਸੀ) : ਯੂਕਰੇਨ ਦੇ ਸੱਤਾਧਾਰੀ ਗੱਠਜੋੜ 'ਚ ਸ਼ੁੱਕਰਵਾਰ ਨੂੰ ਦਰਾੜਾਂ ਪੈ ਗਈਆਂ ਹਨ। ਪੀਪਲਜ਼ ਫਰੰਟ ਪਾਰਟੀ ਨੇ ਯੂਕਰੇਨ ਦੇ ਸਾਬਕਾ ਰਾਸ਼ਟਰਪਤੀ ਪੈਟ੍ਰੋ ਪੋਰੋਸੇਂਕੋ ਦੀ ਪਾਰਟੀ ਨਾਲ ਆਪਣਾ ਗੱਠਜੋੜ ਖ਼ਤਮ ਕਰ ਦਿੱਤਾ। ਇਸ ਸੂਰਤ 'ਚ ਦੇਸ਼ 'ਚ ਜਲਦ ਸੰਸਦੀ ਚੋਣਾਂ ਕਰਵਾਉਣ ਦੀ ਸੰਭਾਵਨਾ ਬਣ ਗਈ ਹੈ। ਸੱਤਾਧਾਰੀ ਗੱਠਜੋੜ ਤੋਂ ਵੱਖਰੇ ਹੋਣ ਦੀ ਜਾਣਕਾਰੀ ਦਿੰਦਿਆਂ ਪੀਪਲਜ਼ ਫਰੰਟ ਦੇ ਆਗੂ ਮਕਸਿਮ ਬਰਬਕ ਨੇ ਕਿਹਾ ਕਿ ਅਸੀਂ ਮੌਜੂਦਾ ਗੱਠਜੋੜ ਤੇ ਉਸ ਦੀਆਂ ਗਤੀਵਿਧੀਆਂ ਤੋਂ ਵੱਖ ਹੋਣ ਦਾ ਐਲਾਨ ਕਰਨ ਦੇ ਨਾਲ ਹੀ ਨਵੇਂ ਏਜੰਡੇ ਨਾਲ ਨਵਾਂ ਗੱਠਜੋੜ ਬਣਾਉਣ ਦੀ ਪਹਿਲ ਕੀਤੀ ਹੈ। ਜੇ ਇਕ ਮਹੀਨੇ ਦੇ ਅੰਦਰ ਸੰਸਦ 'ਚ ਨਵਾਂ ਗੱਠਜੋੜ ਨਹੀਂ ਬਣਦਾ ਤਾਂ ਨਵੇਂ ਰਾਸ਼ਟਰਪਤੀ ਵੋਲੋਦੀਮੀਰ ਜੇਲੈਂਸਕੀ ਸੰਸਦ ਭੰਗ ਕਰ ਕੇ ਜਲਦ ਚੋਣਾਂ ਕਰਵਾਉਣ ਦਾ ਹੁਕਮ ਦੇ ਸਕਦੇ ਹਨ। ਅਪ੍ਰੈਲ 'ਚ ਹੋਈਆਂ ਰਾਸ਼ਟਰਪਤੀ ਚੋਣਾਂ 'ਚ ਜੇਲੈਂਸਕੀ ਨੇ ਪੋਰੋਸੇਂਕੋ ਨੂੰ ਵੱਡੇ ਫ਼ਰਕ ਨਾਲ ਹਰਾਇਆ ਸੀ। ਉਹ ਸੋਮਵਾਰ ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਗੇ। 450 ਮੈਂਬਰੀ ਸੰਸਦ 'ਚ ਫਿਲਹਾਲ ਉਨ੍ਹਾਂ ਦੀ ਪਾਰਟੀ ਦੀ ਕੋਈ ਪ੍ਰਤੀਨਿਧਤਾ ਨਹੀਂ। ਇਸ ਲਈ ਜਲਦ ਚੋਣਾਂ ਹੋਣ ਨਾਲ ਉਨ੍ਹਾਂ ਦੀ ਪਾਰਟੀ ਕੋਲ ਸੰਸਦ 'ਚ ਆਪਣੀ ਮੌਜੂਦਗੀ ਦਰਜ ਕਰਵਾਉਣ ਦਾ ਮੌਕਾ ਹੋਵੇਗਾ।