ਖਾਰਕੀਵ (ਏਪੀ) : ਰੂਸੀ ਸਰਹੱਦ ਤੋਂ ਬਾਮੁਸ਼ਕਿਲ 40 ਕਿਲੋਮੀਟਰ ਦੂਰ ਯੂਕ੍ਰੇਨ ਦੇ ਖਾਰਖੀਵ ਸ਼ਹਿਰ ’ਚ ਮਾਹੌਲ ਬਦਲਿਆ ਹੋਇਆ ਹੈ। ਦੇਸ਼ ਦੇ ਇਸ ਦੂਜੇ ਸਭ ਤੋਂ ਵੱਡੇ ਸ਼ਹਿਰ ’ਚ ਕਰੀਬ 10 ਲੱਖ ਲੋਕ ਆਪਣੀ ਭੂਮਿਕਾ ਬਦਲਣ ਲਈ ਤਿਆਰ ਹਨ। ਉਹ ਹਥਿਆਰਾਂ ਤੇ ਗੋਲ਼ੀ-ਬਾਰੂਦ ਦੇ ਇੰਤਜ਼ਾਮ ਵਿਚ ਲੱਗੇ ਹੋਏ ਹਨ ਜਿਸ ਨਾਲ ਹਮਲਾ ਹੋਣ ਦੀ ਸਥਿਤੀ ’ਚ ਉਹ ਰੂਸੀ ਫ਼ੌਜ ਦਾ ਮੁਕਾਬਲਾ ਕਰ ਸਕਣ। ਦੇਸ਼ ਦੀ ਸਰਕਾਰ ਵੀ ਉਨ੍ਹਾਂ ਨੂੰ ਹਥਿਆਰ ਤੇ ਹੋਰ ਸਮੱਗਰੀ ਉਪਲਬਧ ਕਰਵਾ ਰਹੀ ਹੈ। ਉਹ ਗੁਰਿੱਲਾ ਲੜਾਈ ਲਈ ਖ਼ੁਦ ਨੂੰ ਤਿਆਰ ਕਰ ਰਹੇ ਹਨ।

ਰੂਸੀ ਫ਼ੌਜੀ ਤਾਇਨਾਤੀ ਵਾਲੀ ਸਰਹੱਦ ਦੇ ਨਜ਼ਦੀਕ ਖਾਰਕੀਵ ’ਚ ਰਹਿਣ ਵਾਲੀ ਇਕ ਟੈਨਿਸ ਕੋਚ, ਪਾਦਰੀ ਦੀ ਪਤਨੀ, ਇਕ ਦੰਦਾਂ ਦੇ ਡਾਕਟਰ ਤੇ ਇਕ ਪ੍ਰਮੁੱਖ ਰਾਸ਼ਟਰਵਾਦੀ ਵਿਚਾਰਕ ’ਚ ਇਕ ਗੱਲ ਦੀ ਸਮਾਨਤਾ ਹੈ। ਉਹ ਗੱਲ ਹੈ ਆਪਣੇ ਸ਼ਹਿਰ ਦੀ ਰੱਖਿਆ ਕਰਨ ਦੇ ਸੰਕਲਪ ਦੀ। ਇਸ ਲਈ ਉਹ ਕਿਸੇ ’ਤ ਨਿਰਭਰ ਨਹੀਂ ਰਹਿਣਾ ਚਾਹੁੰਦੇ, ਪਰ ਫ਼ੌਜ ’ਤੇ ਵੀ ਨਹੀਂ। ਉਹ ਆਪਣੇ ਵਸੀਲਿਆਂ ਨਾਲ ਹਥਿਆਰ ਜੁਟਾਉਣ ’ਚ ਲੱਗੇ ਹਨ। ਯੂਕ੍ਰੇਨ ਦੀ ਫ਼ੌਜ ਅਤੇ ਵਿਦੇਸ਼ੀ ਫ਼ੌਜਾਂ ਦੇ ਸਿਖਲਾਈਕਰਤਾ ਉਨ੍ਹਾਂ ਨੂੰ ਗੁਰਿੱਲਾ ਲੜਾਈ ਦੀ ਸਿਖਲਾਈ ਦੇ ਰਹੇ ਹਨ। ਘੱਟ ਉਮਰ ਖਿਡਾਰੀਆਂ ਨੂੰ ਟੈਨਿਸ ਸਿਖਾਉਣ ਵਾਲੀ ਵਿਕਟੋਰੀਆ ਬੈਲੇਸੀਨਾ (55) ਦਾ ਕਹਿਣਾ ਹੈ ਕਿ ਇਸ ਸ਼ਹਿਰ ਨੂੰ ਹਰ ਹਾਲ ’ਚ ਬਚਾਇਆ ਜਾਵੇਗਾ। ਸਾਨੂੰ ਕੁਝ ਕਰਨ ਦੀ ਲੋੜ ਹੈ। ਅਸੀਂ ਘਬਰਾਵਾਂਗੇ ਨਹੀਂ ਅਤੇ ਗੋਡੇ ਵੀ ਨਹੀਂ ਟੇਕਾਂਗੇ। ਅਸੀਂ ਇਹ ਕਰਨਾ ਨਹੀਂ ਚਾਹੁੰਦੇ। ਬੈਲੇਸੀਨਾ ਦਰਜਨ ਭਰ ਔਰਤਾਂ ਨਾਲ ਮਿਲ ਕੇ ਕਮਿਊਨਿਟੀ ਦੀ ਰੱਖਿਆ ਦੀ ਰੂਪਰੇਖਾ ਤਿਆਰ ਕਰ ਰਹੀ ਹੈ। ਉਹ ਆਪਣੀ ਸਬ-ਮਸ਼ੀਨਗੰਨ ਨੂੰ ਲੜਾਈ ਲਈ ਤਿਆਰ ਕਰ ਰਹੀ ਹੈ।

ਬੈਲੇਸੀਨਾ ਨਾਲ ਸਵੇਤਲਾਨਾ ਪੁਤਿਲੀਨਾ (50) ਵੀ ਕੰਮ ਕਰ ਰਹੀ ਹੈ। ਉਨ੍ਹਾਂ ਦੇ ਪਤੀ ਯੂਕ੍ਰੇਨ ਦੀ ਫ਼ੌਜ ਦੇ ਮੁਸਲਿਮ ਫ਼ੌਜੀਆਂ ਨੂੰ ਨਮਾਜ਼ ਪੜ੍ਹਵਾਉਣ ਦਾ ਕੰਮ ਕਰਦੇ ਹਨ। ਉਹ ਵੀ ਹਾਲਾਤ ਤੋਂ ਡਰੇ ਹੋਏ ਨਹੀਂ ਹਨ ਅਤੇ ਰੂਸੀ ਫ਼ੌਜੀਆਂ ਨਾਲ ਦੋ-ਦੋ ਹੱਥ ਕਰਨ ਦੀ ਤਿਆਰੀ ’ਚ ਲੱਗੀਆਂ ਹਨ।

Posted By: Sunil Thapa