ਕਾਠਮੰਡੂ (ਰਾਇਟਰ) : ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਕੁਮਾਰ ਗਯਾਵਲੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਬਰਤਾਨੀਆ ਦੀ ਫ਼ੌਜ ਵਿਚ ਗੋਰਖਾ ਜਵਾਨਾਂ ਦੀ ਭਰਤੀ ਨੂੰ ਲੈ ਕੇ ਹੋਏ ਕਰਾਰ ਦੀ ਸਮੀਖਿਆ ਕਰਨਾ ਚਾਹੁੰਦਾ ਹੈ। ਉਨ੍ਹਾਂ ਅਨੁਸਾਰ ਇਸ ਭਰਤੀ ਪ੍ਰਕਿਰਿਆ ਵਿਚ ਕਾਠਮੰਡੂ ਦੀ ਕੋਈ ਭੂਮਿਕਾ ਨਹੀਂ ਹੁੰਦੀ, ਇਸ ਲਈ ਕਰਾਰ ਦੀ ਸਮੀਖਿਆ ਜ਼ਰੂਰੀ ਹੈ।

ਨੇਪਾਲ ਨੇ ਇਹ ਮੰਗ ਅਜਿਹੇ ਸਮੇਂ ਕੀਤੀ ਹੈ ਜਦੋਂ ਬਿ੍ਟਿਸ਼ ਫ਼ੌਜ ਗੋਰਖਾ ਬਿ੍ਗੇਡ ਵਿਚ ਪਹਿਲੀ ਵਾਲ ਨੇਪਾਲੀ ਔਰਤਾਂ ਦੀ ਭਰਤੀ ਕਰਨ ਦੀ ਤਿਆਰੀ ਵਿਚ ਹੈ। ਬਰਤਾਨਵੀ ਮੀਡੀਆ ਵਿਚ ਆਈਆਂ ਖ਼ਬਰਾਂ ਅਨੁਸਾਰ ਅਜੇ ਇਹ ਸਾਫ਼ ਨਹੀਂ ਹੈ ਕਿ ਕਿੰਨੀ ਗਿਣਤੀ ਵਿਚ ਗੋਰਖਾ ਔਰਤਾਂ ਦੀ ਭਰਤੀ ਹੋਵੇਗੀ ਪ੍ਰੰਤੂ ਇਹ ਤੈਅ ਹੈ ਕਿ ਅਗਲੇ ਸਾਲ ਬਰਤਾਨਵੀ ਫ਼ੌਜ ਵਿਚ ਗੋਰਖਾ ਔਰਤਾਂ ਦੀ ਟ੍ਰੇਨਿੰਗ ਹੋ ਸਕਦੀ ਹੈ। ਗਯਾਵਲੀ ਨੇ ਸ਼ੁੱਕਰਵਾਰ ਨੂੰ ਇਕ ਇੰਟਰਵਿਊ ਵਿਚ ਕਿਹਾ ਕਿ ਨੇਪਾਲ ਇਸ 72 ਸਾਲ ਪੁਰਾਣੇ ਤ੍ਰੈ-ਪੱਖੀ ਸਮਝੌਤੇ ਦੀ ਸਮੀਖਿਆ ਚਾਹੁੰਦਾ ਹੈ ਕਿਉਂਕਿ ਇਹ ਕਰਾਰ ਕਿਸੇ ਵਿਦੇਸ਼ੀ ਫ਼ੌਜ ਵਿਚ ਗੋਰਖਾ ਨੌਜਵਾਨਾਂ ਦੀ ਭਰਤੀ ਪ੍ਰਕਿਰਿਆ ਵਿਚ ਕਾਠਮੰਡੂ ਦੀ ਕੋਈ ਭੂਮਿਕਾ ਨਿਭਾਉਣ ਦੀ ਇਜਾਜ਼ਤ ਨਹੀਂ ਦਿੰਦਾ।

ਉਨ੍ਹਾਂ ਮੁਤਾਬਿਕ ਇਸ ਸਮਝੌਤੇ ਦੇ ਕੁਝ ਨਿਯਮ ਹੁਣ ਗ਼ੈਰ-ਪ੍ਰਸੰਗਿਕ ਹੋ ਗਏ ਹਨ। ਇਸ ਲਈ ਅਸੀਂ ਬਰਤਾਨੀਆ ਨੂੰ ਕਿਹਾ ਹੈ ਕਿ ਸਾਨੂੰ ਇਸ ਦੀ ਸਮੀਖਿਆ ਕਰਨੀ ਚਾਹੀਦੀ ਹੈ ਅਤੇ ਇਸ ਨੂੰ ਦੋ-ਪੱਖੀ ਸਮਝੌਤਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਨਵੇਂ ਸਮਝੌਤੇ ਵਿਚ ਬਰਤਾਨਵੀ ਫ਼ੌਜ ਦੇ ਗੋਰਖਾ ਜਵਾਨਾਂ ਦੀ ਪੈਨਸ਼ਨ ਸਮੇਤ ਕਈ ਸਮੱਸਿਆਵਾਂ ਦਾ ਹੱਲ ਵੀ ਹੋਣਾ ਚਾਹੀਦਾ ਹੈ।

1815 ਤੋਂ ਗੋਰਖਾ ਜਵਾਨਾਂ ਦੀ ਭਰਤੀ ਕਰ ਰਿਹਾ ਬਰਤਾਨੀਆ

ਬਰਤਾਨੀਆ 1815 ਤੋਂ ਆਪਣੀ ਫ਼ੌਜ ਵਿਚ ਗੋਰਖਾ ਜਵਾਨਾਂ ਦੀ ਭਰਤੀ ਕਰ ਰਿਹਾ ਹੈ। 1947 ਵਿਚ ਭਾਰਤ ਵਿਚ ਬਰਤਾਨਵੀ ਸ਼ਾਸਨ ਖ਼ਤਮ ਹੋਣ ਪਿੱਛੋਂ ਨਵੀਂ ਦਿੱਲੀ, ਲੰਡਨ ਅਤੇ ਕਾਠਮੰਡੂ ਵਿਚਕਾਰ ਇਕ ਕਰਾਰ ਹੋਇਆ ਸੀ। ਇਸ ਕਰਾਰ ਤਹਿਤ ਭਾਰਤ ਅਤੇ ਬਰਤਾਨੀਆ ਗੋਰਖਾ ਜਵਾਨਾਂ ਦੀ ਭਰਤੀ ਆਪਣੀ-ਆਪਣੀ ਫ਼ੌਜ ਵਿਚ ਕਰਦੇ ਹਨ। 2007 ਵਿਚ ਬਰਤਾਨੀਆ ਨੇ ਆਪਣੇ ਵਿਸ਼ੇਸ਼ ਬਲ ਵਿਚ ਗੋਰਖਾ ਔਰਤਾਂ ਦੀ ਭਰਤੀ ਕਰਨ ਦਾ ਐਲਾਨ ਕੀਤਾ ਸੀ।

ਗੋਰਖਾ ਬਿ੍ਗੇਡ 'ਚ ਤਿੰਨ ਹਜ਼ਾਰ ਨੇਪਾਲੀ

ਬਰਤਾਨਵੀ ਫ਼ੌਜ ਦੇ ਗੋਰਖਾ ਬਿ੍ਗੇਡ ਵਿਚ ਇਸ ਸਮੇਂ ਕਰੀਬ ਤਿੰਨ ਹਜ਼ਾਰ ਨੇਪਾਲੀ ਜਵਾਨ ਹਨ। ਉਹ ਇਰਾਕ, ਅਫ਼ਗਾਨਿਸਤਾਨ ਅਤੇ ਬਾਲਕਨ ਵਿਚ ਤਾਇਨਾਤ ਹਨ।