ਬਗ਼ਦਾਦ (ਰਾਇਟਰ) : ਬਗ਼ਦਾਦ 'ਚ ਸਰਕਾਰ ਖ਼ਿਲਾਫ਼ ਚੱਲ ਰਹੇ ਪ੍ਰਦਰਸ਼ਨਾਂ ਦੌਰਾਨ ਪੁਲਿਸ ਵੱਲੋਂ ਸੁੱਟੀ ਅੱਥਰੂ ਗੈਸ ਦਾ ਇਕ ਗੋਲ਼ਾ ਪ੍ਰਦਰਸ਼ਨਕਾਰੀ ਦੇ ਸਿਰ 'ਚ ਵੱਜਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਪੁਲਿਸ ਫਾਇਰਿੰਗ 'ਚ ਜ਼ਖ਼ਮੀ ਇਕ ਸ਼ਹਿਰੀ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਫਾਇਰਿੰਗ 'ਚ 35 ਹੋਰ ਲੋਕ ਜ਼ਖ਼ਮੀ ਹੋ ਗਏ। ਹਜ਼ਾਰਾਂ ਇਰਾਕੀ ਨਾਗਰਿਕ ਪਿਛਲੇ ਕੁਝ ਦਿਨਾਂ ਤੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ।

ਇਕ ਅਕਤੂਬਰ ਤੋਂ ਸਰਕਾਰ ਵਿਰੋਧੀ ਚੱਲ ਰਹੇ ਪ੍ਰਦਰਸ਼ਨਾਂ ਦੌਰਾਨ ਹੁਣ ਤਕ 300 ਲੋਕ ਮਾਰੇ ਜਾ ਚੁੱਕੇ ਹਨ। ਪ੍ਰਧਾਨ ਮੰਤਰੀ ਅਦੇਲ ਅਬਦੁੱਲ ਮਾਹਦੀ ਦੀ ਸਰਕਾਰ ਨੇ ਲੋਕਾਂ ਦਾ ਵਿਰੋਧ ਖ਼ਤਮ ਕਰਨ ਲਈ ਕਈ ਅਹਿਮ ਕਦਮ ਚੁੱਕੇ ਹਨ ਤੇ ਭਵਿੱਖ ਵਿਚ ਵੀ ਕਈ ਹੋਰ ਕਦਮ ਚੁੱਕਣ ਦਾ ਵਾਅਦਾ ਕੀਤਾ ਹੈ।