ਬੀਜਿੰਗ (ਏਐੱਨਆਈ) : ਚੀਨ ਦੇ ਸ਼ਿਨਜਿਆਂਗ ਖੇਤਰ 'ਚ ਅੱਤਿਆਚਾਰ ਤੇ ਮਨੁੱਖੀ ਅਧਿਕਾਾਰਾਂ ਦੀ ਉਲੰਘਣਾ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਉਈਗਰ ਮੁਸਲਮਾਨ ਬਹੁ-ਗਿਣਤੀ ਵਾਲੇ ਇਸ ਖੇਤਰ ਦੇ ਦੋ ਸਾਬਕਾ ਅਧਿਕਾਰੀਆਂ ਨੂੰ ਅੱਤਵਾਦ ਤੇ ਵੱਖਵਾਦ ਦੇ ਦੋਸ਼ਾਂ 'ਚ ਦੋਸ਼ੀ ਠਹਿਰਾ ਕੇ ਮੌਤ ਦੀ ਸਜ਼ਾ ਸੁਣਾਈ ਗਈ ਹੈ।

ਵਾਇਸ ਆਫ ਅਮਰੀਕਾ ਮੁਤਾਬਕ, ਸ਼ਿਨਜਿਆਂਗ ਦੇ ਉੱਚ ਪੀਪਲਜ਼ ਕੋਰਟ ਦੇ ਮੀਤ ਪ੍ਰਧਾਨ ਵਾਂਗ ਲਾਂਗਟਾਓ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਸੱਤਾਰ ਸਾਓਤ ਤੇ ਸ਼ਿਰਜਤ ਬਾਦੂਦੁਨ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ। ਸਾਬਕਾ ਸਿੱਖਿਆ ਅਧਿਕਾਰੀ ਸੱਤਾਰ ਨੂੰ ਵੱਖਵਾਦ, ਅੱਤਵਾਦ ਤੇ ਉਈਗਰ ਭਾਸ਼ੀ ਸਕੂਲੀ ਕਿਤਾਬਾਂ 'ਚ ਧਾਰਮਿਕ ਕੱਟੜਵਾਦ ਨੂੰ ਉਤਸ਼ਾਹਤ ਕਰਨ ਦਾ ਦੋਸ਼ੀ ਪਾਇਆ ਗਿਆ। ਜਦਕਿ ਸੂਬਾਈ ਨਿਆਂ ਵਿਭਾਗ ਦੇ ਮੁਖੀ ਰਹੇ ਸ਼ਿਰਜਤ ਨੂੰ ਈਸਟ ਤੁਰਕਿਸਤਾਨ ਇਸਲਾਮਿਕ ਮੂਵਮੈਂਟ ਨਾਲ ਜੁੜਾਅ ਦੇ ਮਾਮਲੇ 'ਚ ਦੋਸ਼ੀ ਪਾਇਆ ਗਿਆ। ਸੰਯੁਕਤ ਰਾਸ਼ਟਰ ਨੇ ਇਸ ਮੂਵਮੈਂਟ ਨੂੰ ਅੱਤਵਾਦੀ ਜਥੇਬੰਦੀ ਦੇ ਤੌਰ 'ਤੇ ਸੂਚੀਬੱਧ ਕੀਤਾ ਹੈ।

ਦੱਸਣਯੋਗ ਹੈ ਕਿ ਵਿਸ਼ਵ ਪੱਧਰ 'ਤੇ ਨਿੰਦਾ ਹੋਣ ਦੇ ਬਾਵਜੂਦ ਚੀਨ ਦਾ ਉਈਗਰ ਮੁਸਲਮਾਨਾਂ 'ਤੇ ਅੱਤਿਆਚਾਰ ਰੁਕ ਨਹੀਂ ਰਿਹਾ। ਲੱਖਾਂ ਉਈਗਰਾਂ ਨੂੰ ਹਿਰਾਸਤ ਕੇਂਦਰਾਂ 'ਚ ਭੇਜ ਦਿੱਤਾ ਗਿਆ ਹੈ। ਇਨ੍ਹਾਂ ਮੁਸਲਮਾਨਾਂ ਦੀ ਧਾਰਮਿਕ ਆਜ਼ਾਦੀ 'ਤੇ ਤਮਾਮ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਾ ਦਿੱਤੀਆਂ ਗਈਆਂ ਹਨ। ਹਾਲਾਂਕਿ ਚੀਨ ਉਈਗਰਾਂ 'ਤੇ ਅੱਤਿਆਚਾਰ ਦੇ ਦੋਸ਼ਾਂ ਨੂੰ ਖ਼ਾਰਜ ਕਰਦਾ ਹੈ ਤੇ ਹਿਰਾਸਤ ਕੇਂਦਰਾਂ ਨੂੰ ਕਾਰੋਬਾਰੀ ਸਿੱਖਿਆ ਕੇਂਦਰ ਕਰਾਰ ਦਿੰਦਾ ਹੈ। ਬਾਇਡਨ ਪ੍ਰਸ਼ਾਸਨ ਸ਼ਿਨਜਿਆਂਗ 'ਚ ਉਈਗਰ ਮੁਸਲਮਾਨਾਂ ਤੇ ਦੂਜੇ ਘੱਟ ਗਿਣਤੀ ਫਿਰਕਿਆਂ ਖਿਲਾਫ਼ ਚੀਨ ਦੇ ਅੱਤਿਆਚਾਰ ਨੂੰ ਕਤਲੇਆਮ ਕਰਾਰ ਦੇ ਚੁੱਕਾ ਹੈ।