ਕਾਬੁਲ (ਏਪੀ) : ਉੱਤਰੀ ਅਫ਼ਗਾਨਿਸਤਾਨ ਵਿਚ ਵੱਖ-ਵੱਖ ਇਲਾਕਿਆਂ 'ਚ ਸੜਕ ਕਿਨਾਰੇ ਹੋਏ ਦੋ ਬੰਬ ਧਮਾਕਿਆਂ ਵਿਚ ਦੋ ਬੱਚਿਆਂ ਦੀ ਮੌਤ ਹੋ ਗਈ ਜਦਕਿ ਇਨ੍ਹਾਂ ਧਮਾਕਿਆਂ ਵਿਚ ਨੌਂ ਲੋਕ ਜ਼ਖ਼ਮੀ ਹੋ ਗਏ। ਇਹ ਬੰਬ ਧਮਾਕੇ ਬਲਖ ਸੂਬੇ ਦੇ ਮਜ਼ਾਰ-ਏ-ਸ਼ਰੀਫ ਇਲਾਕੇ ਵਿਚ ਹੋਏ। ਜ਼ਖ਼ਮੀਆਂ ਵਿਚ ਅੱਠ ਸ਼ਹਿਰੀ ਤੇ ਇਕ ਅਫ਼ਗਾਨ ਸੁਰੱਖਿਆ ਫੋਰਸ ਦਾ ਮੈਂਬਰ ਸ਼ਾਮਲ ਹੈ। ਇਨ੍ਹਾਂ ਧਮਾਕਿਆਂ ਦੀ ਅਜੇ ਤਕ ਕਿਸੇ ਅੱਤਵਾਦੀ ਜਮਾਤ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਤਾਲਿਬਾਨ ਨੇ ਪਿਛਲੇ ਕੁਝ ਸਮੇਂ ਤੋਂ ਬਲਖ ਸੂਬੇ 'ਚ ਹਮਲੇ ਤੇਜ਼ ਕਰ ਦਿੱਤੇ ਹਨ। ਇਸ ਮਹੀਨੇ ਦੇ ਸ਼ੁਰੂ ਵਿਚ ਤਾਲਿਬਾਨ ਵੱਲੋਂ ਇਕ ਜਾਂਚ ਚੌਕੀ 'ਤੇ ਕੀਤੇ ਹਮਲੇ ਵਿਚ ਨੌਂ ਜਵਾਨ ਮਾਰੇ ਗਏ ਸਨ।