ਇਸਤਾਂਬੁਲ (ਏਐੱਫਪੀ) : ਤੁਰਕੀ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਉੱਘੀ ਨਾਵਲਕਾਰ ਅਸਲੀ ਅਰਦੋਗਨ ਨੂੰ ਅੱਤਵਾਦ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਅਦਾਲਤ ਨੇ ਅਰਦੋਗਨ ਨੂੰ ਰਾਜ ਵਿਰੁੱਧ ਸਾਜ਼ਿਸ਼ ਦੇ ਦੋਸ਼ਾਂ ਤੋਂ ਵੀ ਬਰੀ ਕਰ ਦਿੱਤਾ। ਅਰਦੋਗਨ ਇਸ ਸਮੇਂ ਜਰਮਨੀ 'ਚ ਜਲਾਵਤਨ ਦਾ ਜੀਵਨ ਬਤੀਤ ਕਰ ਰਹੀ ਹੈ।

ਅਰਦੋਗਨ ਜਿਸ ਦੀਆਂ ਕਿਤਾਬਾਂ ਵੱਖ-ਵੱਖ ਭਾਸ਼ਾਵਾਂ 'ਚ ਅਨੁਵਾਦ ਕੀਤੀਆਂ ਗਈਆਂ ਹਨ ਇਕ ਸਮੇਂ ਕੁਰਦ ਪੱਖੀ ਅਖ਼ਬਾਰ ਓਜ਼ਗੁਰ ਗੁੰਡਮ ਲਈ ਕੰਮ ਕਰਦੀ ਸੀ। ਇਸ ਅਖ਼ਬਾਰ ਨੂੰ 2016 ਦਾ ਰਾਜ ਪਲਟਾ ਨਾਕਾਮ ਹੋਣ ਪਿੱਛੋਂ ਰਾਸ਼ਟਰਪਤੀ ਰੈਸੇਪ ਤੈਯਪ ਅਰਦੋਗਨ ਨੇ ਬੰਦ ਕਰ ਦਿੱਤਾ ਸੀ। ਨਾਵਲਕਾਰ ਅਰਦੋਗਨ ਨੂੰ 2016 'ਚ ਸਰਕਾਰ ਵਿਰੋਧੀ ਕਾਰਵਾਈਆਂ ਲਈ ਗਿ੍ਫ਼ਤਾਰ ਕੀਤਾ ਗਿਆ ਸੀ ਪ੍ਰੰਤੂ ਚਾਰ ਮਹੀਨਿਆਂ ਪਿੱਛੋਂ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਸ਼ੁੱਕਰਵਾਰ ਦੀ ਸੁਣਵਾਈ ਦੌਰਾਨ ਅਰਦੋਗਨ ਆਪ ਤਾਂ ਹਾਜ਼ਰ ਨਹੀਂ ਹੋਈ ਪ੍ਰੰਤੂ ਉਸ ਦੇ ਵਕੀਲ ਨੇ ਕਿਹਾ ਕਿ ਅਰਦੋਗਨ ਨੇ ਕਿਹਾ ਹੈ ਕਿ ਉਸ ਦੀਆਂ ਲਿਖਤਾਂ ਨੇ ਕਦੇ ਵੀ ਹਿੰਸਕ ਕਾਰਵਾਈਆਂ ਨੂੰ ਉਤਸ਼ਾਹ ਨਹੀਂ ਦਿੱਤਾ ਤੇ ਉਹ ਮਨੁੱਖੀ ਅਧਿਕਾਰਾਂ ਦਾ ਸਤਿਕਾਰ ਕਰਦੀ ਹੈ।