ਇਸਤਾਂਬੁਲ (ਰਾਇਟਰ) : ਕੌਮਾਂਤਰੀ ਨਿੰਦਾ ਨੂੰ ਦਰਕਿਨਾਰ ਕਰਦੇ ਹੋਏ ਤੁਰਕੀ ਨੇ ਵੀਰਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਸੀਰੀਆ ਦੇ ਕੁਰਦ ਕੰਟਰੋਲ ਵਾਲੇ ਇਲਾਕੇ 'ਤੇ ਹਵਾਈ ਅਤੇ ਜ਼ਮੀਨੀ ਹਮਲੇ ਜਾਰੀ ਰੱਖੇ। ਤੁਰਕੀ ਦੇ ਇਸ ਕਦਮ ਨਾਲ ਕੌਮਾਂਤਰੀ ਭਾਈਚਾਰੇ ਨੇ ਖੇਤਰ ਵਿਚ ਫਿਰ ਤੋਂ ਅਸਥਿਰਤਾ ਦਾ ਦੌਰ ਸ਼ੁਰੂ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭੰਬਲਭੂਸੇ ਭਰੇ ਬਿਆਨ ਵਿਚ ਕਿਹਾ ਹੈ ਕਿ ਅੱਤਵਾਦੀ ਸੰਗਠਨ ਆਈਐੱਸ ਨਾਲ ਲੜਾਈ ਵਿਚ ਕੁਰਦਾਂ ਨੇ ਅਮਰੀਕਾ ਦਾ ਸਾਥ ਨਹੀਂ ਦਿੱਤਾ, ਜਦਕਿ ਸੀਰੀਆ ਹੀ ਨਹੀਂ, ਇਰਾਕ ਵਿਚ ਵੀ ਕੁਰਦ ਸਾਲਾਂ ਤਕ ਅਮਰੀਕੀ ਫ਼ੌਜੀਆਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਲੜੇ ਸਨ। ਟਰੰਪ ਨੇ ਤੁਰਕੀ ਦੀ ਕਾਰਵਾਈ ਨੂੰ ਬੁਰੇ ਵਿਚਾਰ ਦਾ ਫ਼ੈਸਲਾ ਦੱਸਦੇ ਹੋਏ ਉਸ ਤੋਂ ਖ਼ੁਦ ਨੂੰ ਅਲੱਗ ਦੱਸਿਆ ਹੈ। ਇਸ ਵਿਚਾਲੇ ਤੁਰਕੀ 'ਤੇ ਪਾਬੰਦੀਆਂ ਲਗਾਉਣ ਲਈ ਅਮਰੀਕੀ ਸੰਸਦ ਵਿਚ ਸੱਤਾ ਧਿਰ ਅਤੇ ਵਿਰੋਧੀ ਧਿਰ ਨੇ ਨਾਲ ਮਿਲ ਕੇ ਮਤਾ ਤਿਆਰ ਕਰ ਲਿਆ ਹੈ।

ਰਾਸ਼ਟਰਪਤੀ ਟਰੰਪ ਭਲੇ ਹੀ ਭੰਬਲਭੂਸੇ ਵਿਚ ਹੋਣ, ਪਰ ਯੂਰਪੀ ਯੂਨੀਅਨ, ਸਾਊਦੀ ਅਰਬ ਅਤੇ ਮਿਸਰ ਨੇ ਤੁਰਕੀ ਦੀ ਕਾਰਵਾਈ ਨੂੰ ਲੈ ਕੇ ਵਿਰੋਧ ਪ੍ਰਗਟਾਇਆ ਹੈ। ਜਵਾਬ ਵਿਚ ਤੁਰਕੀ ਦੇ ਰਾਸ਼ਟਰਪਤੀ ਰੀਸੇਪ ਤੈਯਪ ਅਰਦੋਗਨ ਨੇ ਕਿਹਾ ਹੈ ਕਿ ਤੁਰਕੀ ਦੀ ਕਾਰਵਾਈ 'ਤੇ ਸਵਾਲ ਉਠਾਉਣ ਵਾਲੇ ਇਮਾਨਦਾਰ ਨਹੀਂ ਹਨ। ਉਨ੍ਹਾਂ ਧਮਕੀ ਦਿੱਤੀ ਕਿ ਯੂਰਪੀ ਯੂਨੀਅਨ ਦਾ ਵਿਰੋਧੀ ਰੁਖ਼ ਬਣਿਆ ਰਿਹਾ ਤਾਂ ਉਹ ਸੀਰੀਆਈ ਸ਼ਰਨਾਰਥੀਆਂ ਨੂੰ ਯੂਰਪੀ ਦੇਸ਼ਾਂ ਲਈ ਜਾਣ ਦਾ ਰਸਤਾ ਦੇ ਦੇਣਗੇ। ਨਾਟੋ ਦੇ ਇਕੱਲੇ ਮੁਸਲਿਮ ਮੈਂਬਰ ਦੇਸ਼ ਤੁਰਕੀ ਨੇ ਕਿਹਾ ਹੈ ਕਿ ਉਹ ਕੁਰਦ ਅੱਤਵਾਦੀਆਂ ਖ਼ਿਲਾਫ਼ ਕਾਰਵਾਈ ਦੇ ਨਾਲ ਹੀ ਲੱਖਾਂ ਸੀਰੀਆਈ ਸ਼ਰਨਾਰਥੀਆਂ ਦੀ ਵਾਪਸੀ ਲਈ ਹਾਲਾਤ ਤਿਆਰ ਕਰ ਰਹੇ ਹਨ, ਪਰ ਕੌਮਾਂਤਰੀ ਭਾਈਚਾਰੇ ਨੂੰ ਇਸ ਤੋਂ ਇਲਾਕੇ ਵਿਚ ਫਿਰ ਤੋਂ ਟਕਰਾਅ ਸ਼ੁਰੂ ਹੋਣ ਦਾ ਖ਼ਤਰਾ ਲੱਗ ਰਿਹਾ ਹੈ। ਸੀਰੀਆ ਦੀ ਸਰਹੱਦ ਨਾਲ ਅਮਰੀਕੀ ਫ਼ੌਜੀਆਂ ਦੇ ਹਟਣ ਦੇ ਫੌਰੀ ਬਾਅਦ ਦੀ ਤੁਰਕੀ ਨੇ ਕੁਰਦਾਂ 'ਤੇ ਹਮਲੇ ਸ਼ੁਰੂ ਕੀਤੇ ਹਨ। ਟਰੰਪ ਪ੍ਰਸ਼ਾਸਨ ਦੇ ਰੁਖ਼ ਖ਼ਿਲਾਫ਼ ਜਾ ਕੇ ਸੱਤਾਧਾਰੀ ਰਿਪਬਲਿਕਨ ਪਾਰਟੀ ਨੇ ਕੁਰਦਾਂ ਖ਼ਿਲਾਫ਼ ਤੁਰਕੀ ਦੀ ਕਾਰਵਾਈ 'ਤੇ ਵਿਰੋਧ ਪ੍ਰਗਟਾਇਆ ਹੈ। ਪਾਰਟੀ ਨੇ ਟਰੰਪ ਨੂੰ ਕੁਰਦਾਂ ਦੀ ਵਫ਼ਾਦਾਰੀ ਦੀ ਯਾਦ ਦਿਵਾਈ ਹੈ।

ਹਜ਼ਾਰਾਂ ਆਈਐੱਸ ਅੱਤਵਾਦੀਆਂ ਦੇ ਭੱਜਣ ਦਾ ਖ਼ਤਰਾ

ਤੁਰਕੀ ਦੇ ਹਮਲਿਆਂ ਨਾਲ ਸੀਰੀਆ ਵਿਚ ਸਥਿਤ ਕੁਰਦ ਅਗਵਾਈ ਵਾਲੇ ਸੀਰੀਅਨ ਡੈਮੋਕ੍ਰੇਟਿਕ ਫੋਰਸਿਜ਼ ਦੀ ਜੇਲ੍ਹ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਗਿਆ ਹੈ. ਇਸ ਜੇਲ੍ਹ ਵਿਚ 60 ਦੇਸ਼ਾਂ ਦੇ ਹਜ਼ਾਰਾਂ ਖੂੰਖਾਰ ਆਈਐੱਸ ਅੱਤਵਾਦੀ ਅਤੇ ਅਪਰਾਧੀ ਬੰਦ ਹਨ। ਇਨ੍ਹਾਂ ਜੇਲ੍ਹਾਂ ਵਿਚ ਆਈਐੱਸ ਅੱਤਵਾਦੀਆਂ ਦੇ ਰਿਸ਼ਤੇਦਾਰ ਵੀ ਬੰਦ ਹਨ। ਹਮਲੇ ਦੇ ਵਿਚਾਲੇ ਜੇਕਰ ਜੇਲ੍ਹ ਤੋਂ ਅੱਤਵਾਦੀ ਅਤੇ ਅਪਰਾਧੀ ਭੱਜ ਨਿਕਲਦੇ ਹਨ ਤਾਂ ਪੂਰੇ ਖੇਤਰ ਲਈ ਇਹ ਬੇਹੱਦ ਖ਼ਤਰਨਾਕ ਹੋਵੇਗਾ। ਫਿਲਹਾਲ ਜੇਲ੍ਹ ਦੀ ਸੁਰੱਖਿਆ ਦੇ ਬਾਰੇ ਵਿਚ ਕੋਈ ਬਿਆਨ ਨਹੀਂ ਆਇਆ ਹੈ। ਇਸ ਵਿਚਾਲੇ 30 ਵਾਹਨਾਂ ਵਿਚ ਸਵਾਰ ਕੁਰਦ ਬਾਗ਼ੀ ਅਣਪਛਾਤੀ ਥਾਂ ਵੱਲ ਜਾਂਦੇ ਦਿਸੇ ਹਨ। ਉਹ ਆਪਣੇ ਨਾਲ ਐਂਟੀ ਏਅਰਕ੍ਰਾਫਟ ਗੰਨ ਵਰਗੇ ਭਾਰੀ ਹਥਿਆਰ ਵੀ ਲੈ ਗਏ ਹਨ।

ਸੁਰੱਖਿਆ ਪ੍ਰੀਸ਼ਦ ਨੇ ਕੀਤਾ ਵਿਚਾਰ

ਬਰਤਾਨੀਆ, ਫਰਾਂਸ, ਜਰਮਨੀ ਸਮੇਤ ਪੰਜ ਦੇਸ਼ਾਂ ਦੀ ਮੰਗ 'ਤੇ ਵੀਰਵਾਰ ਨੂੰ ਸੱਦੀ ਗਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰਰੀਸ਼ਦ ਵਿਚ ਸੀਰੀਆ ਦੇ ਹਾਲਾਤ 'ਤੇ ਚਰਚਾ ਹੋਈ। ਪ੍ਰਰੀਸ਼ਦ ਨੂੰ ਭੇਜੇ ਗਏ ਪੱਤਰ ਵਿਚ ਤੁਰਕੀ ਨੇ ਆਪਣੀ ਕਾਰਵਾਈ ਨੂੰ ਸੰਤੁਲਿਤ ਅਤੇ ਜ਼ਿੰਮੇਵਾਰੀਪੂਰਨ ਦੱਸਿਆ ਹੈ। 22 ਦੇਸ਼ਾਂ ਦੀ ਅਰਬ ਲੀਗ ਨੇ ਹਾਲਾਤ 'ਤੇ ਚਰਚਾ ਲਈ ਸ਼ਨਿਚਰਵਾਰ ਨੂੰ ਬੈਠਕ ਸੱਦੀ ਹੈ। ਰੂਸ ਨੇ ਕਿਹਾ ਕਿ ਹੈ ਕਿ ਉਹ ਸੀਰੀਆ ਅਤੇ ਤੁਰਕੀ ਦੀਆਂ ਸਰਕਾਰਾਂ ਵਿਚਾਲੇ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਨਾਲ ਟਕਰਾਅ ਦੀ ਸਥਿਤੀ ਖ਼ਤਮ ਹੋਵੇ।