ਰਾਸ ਅਲ-ਆਈਨ (ਏਐੱਫਪੀ) : ਤੁਰਕੀ ਨੇ ਆਪਣੇ ਪਹਿਲਾਂ ਵਾਲੇ ਐਲਾਨ ਮੁਤਾਬਕ ਬੁੱਧਵਾਰ ਨੂੰ ਸੀਰੀਆ 'ਚ ਵੜ ਕੇ ਕੁਰਦ ਬਾਗ਼ੀਆਂ ਦੇ ਟਿਕਾਣਿਆਂ 'ਤੇ ਹਵਾਈ ਅਤੇ ਤੋਪਖਾਨੇ ਨਾਲ ਹਮਲਾ ਕਰ ਦਿੱਤਾ। ਟਵਿੱਟਰ 'ਤੇ ਰਾਸ਼ਟਰਪਤੀ ਰਿਸੇਪ ਤੈਯਪ ਅਰਦੋਗਨ ਦੇ ਐਲਾਨ ਦੇ ਕੁਝ ਹੀ ਪਲਾਂ ਤੋਂ ਬਾਅਦ ਰਾਸ ਅਲ-ਆਈਨ ਸਰਹੱਦ ਕੋਲ ਸਫੈਦ ਧੂੰਏਂ ਦਾ ਗੁਬਾਰ ਦੇਖਿਆ ਗਿਆ। ਜਿਨ੍ਹਾਂ ਕੁਰਦ ਬਾਗ਼ੀਆਂ ਨੂੰ ਤੁਰਕੀ ਦੀ ਫ਼ੌਜ ਨਿਸ਼ਾਨਾ ਬਣਾ ਰਹੀ ਹੈ, ਉਨ੍ਹਾਂ ਅੱਤਵਾਦੀ ਸੰਗਠਨ ਆਈਐੱਸ ਨਾਲ ਲੜਾਈ 'ਚ ਅਮਰੀਕੀ ਫ਼ੌਜ ਦਾ ਸਾਥ ਦਿੱਤਾ ਸੀ, ਪਰ ਹੁਣ ਅਮਰੀਕਾ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ ਹੈ ਅਤੇ ਤੁਰਕੀ-ਸੀਰੀਆ ਸਰਹੱਦ ਤੋਂ ਆਪਣੇ ਫ਼ੌਜੀਆਂ ਨੂੰ ਹਟਾ ਲਿਆ ਹੈ।

ਅਰਦੋਗਨ ਨੇ ਆਪਣੇ ਸੰਦੇਸ਼ 'ਚ ਲਿਖਿਆ ਕਿ ਸਾਡਾ ਉਦੇਸ਼ ਦੱਖਣੀ ਸਰਹੱਦ 'ਤੇ ਬਣੇ ਟੇਰਰ ਕਾਰੀਡੋਰ ਨੂੰ ਖ਼ਤਮ ਕਰਨਾ ਹੈ। ਇਸ ਨਾਲ ਇਲਾਕੇ 'ਚ ਸ਼ਾਂਤੀ ਸਥਾਪਤ ਹੋਵੇਗੀ। ਤੁਰਕੀ ਦੀ ਫ਼ੌਜ ਕੁਰਦ ਬਾਗ਼ੀਆਂ ਦੇ ਨਾਲ ਹੀ ਇਸਲਾਮਿਕ ਸਟੇਟ (ਆਈਐੱਸ) ਖ਼ਿਲਾਫ਼ ਵੀ ਕਾਰਵਾਈ ਕਰ ਰਹੀ ਹੈ।