ਸਿਓਲ (ਰਾਇਟਰ) : ਉੱਤਰੀ ਕੋਰੀਆ ਨਾਲ ਪਰਮਾਣੂ ਵਾਰਤਾ ਵਿਚ ਆਈ ਖੜੋਤ ਨੂੰ ਦੂਰ ਕਰਨ ਦੇ ਯਤਨ ਵਜੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਦੱਖਣੀ ਕੋਰੀਆਈ ਹਮਰੁਤਬਾ ਜੇ-ਇਨ ਮੂਨ ਨਾਲ ਫੋਨ 'ਤੇ ਕਰੀਬ ਅੱਧਾ ਘੰਟਾ ਗੱਲਬਾਤ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਉੱਤਰੀ ਕੋਰੀਆ ਨਾਲ ਕੂਟਨੀਤਕ ਸਬੰਧ ਅਤੇ ਵਾਰਤਾ ਜਾਰੀ ਰੱਖਣ ਦੇ ਤੌਰ-ਤਰੀਕੇ 'ਤੇ ਚਰਚਾ ਕੀਤੀ।

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਭਵਨ ਬਲੂ ਹਾਊਸ ਨੇ ਸ਼ਨਿਚਰਵਾਰ ਨੂੰ ਬਿਆਨ ਵਿਚ ਦੱਸਿਆ ਕਿ ਟਰੰਪ ਅਤੇ ਮੂਨ ਵਿਚ ਇਸ ਗੱਲ ਨੂੰ ਲੈ ਕੇ ਸਹਿਮਤੀ ਬਣੀ ਕਿ ਕੋਰੀਆਈ ਖਿੱਤੇ ਵਿਚ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ। ਪਰਮਾਣੂ ਨਿਸ਼ਸਤਰੀਕਰਨ ਦੇ ਟੀਚੇ ਨੂੰ ਹਾਸਲ ਕਰਨ ਲਈ ਉੱਤਰੀ ਕੋਰੀਆ ਨਾਲ ਵਾਰਤਾ ਨੂੰ ਜਾਰੀ ਰੱਖਿਆ ਜਾਣਾ ਚਾਹੀਦਾ ਹੈ। ਪਰਮਾਣੂ ਮਸਲੇ 'ਤੇ ਟਰੰਪ ਅਤੇ ਉੱਤਰੀ ਕੋਰੀਆ ਦੇ ਸਰਬਉੱਚ ਆਗੂ ਕਿਮ ਜੋਂਗ ਉਨ ਵਿਚਕਾਰ ਦੋ ਵਾਰ ਸਿਖਰ ਵਾਰਤਾ ਹੋ ਚੁੱਕੀ ਹੈ। ਪਹਿਲੀ ਵਾਰ ਦੋਵਾਂ ਆਗੂਆਂ ਨੇ ਪਿਛਲੇ ਸਾਲ ਜੂਨ ਵਿਚ ਸਿੰਗਾਪੁਰ ਵਿਚ ਗੱਲਬਾਤ ਕੀਤੀ ਸੀ। ਇਸ ਪਿੱਛੋਂ ਉਨ੍ਹਾਂ ਦੀ ਦੂਜੀ ਵਾਰਤਾ ਇਸ ਸਾਲ ਫਰਵਰੀ ਵਿਚ ਵੀਅਤਨਾਮ ਵਿਚ ਹੋਈ ਸੀ ਪ੍ਰੰਤੂ ਉੱਤਰੀ ਕੋਰੀਆ 'ਤੇ ਲੱਗੀਆਂ ਪਾਬੰਦੀਆਂ ਨੂੰ ਹਟਾਉਣ ਦੀ ਮੰਗ 'ਤੇ ਇਹ ਵਾਰਤਾ ਬੇਨਤੀਜਾ ਖ਼ਤਮ ਹੋ ਗਈ ਸੀ। ਤਦ ਤੋਂ ਇਹ ਵਾਰਤਾ ਰੁਕੀ ਹੋਈ ਹੈ।

ਕਿਮ ਨੇ ਤੈਅ ਕੀਤੀ ਹੈ ਸਮਾਂ ਸੀਮਾ

ਉੱਤਰੀ ਕੋਰੀਆ ਨੇ ਵਾਰਤਾ ਵਿਚ ਆਈ ਖੜੋਤ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕਿਮ ਨੇ ਇਹ ਸਾਫ਼ ਕਿਹਾ ਹੈ ਕਿ ਉਹ ਇਸ ਸਾਲ ਦੇ ਅਖੀਰ ਤਕ ਅਮਰੀਕਾ ਦੇ ਰੁਖ਼ ਵਿਚ ਲਚੀਲੇਪਣ ਦਾ ਇੰਤਜ਼ਾਰ ਕਰਨਗੇ। ਇਸ ਪਿੱਛੋਂ ਉੱਤਰੀ ਕੋਰੀਆ ਆਪਣਾ ਅਲੱਗ ਰਸਤਾ ਅਪਣਾ ਲਏਗਾ। ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲੇ ਨੇ ਹਾਲ ਹੀ ਵਿਚ ਆਪਣੇ ਕਈ ਬਿਆਨਾਂ ਵਿਚ ਅਮਰੀਕਾ ਨੂੰ ਇਹ ਆਗਾਹ ਕੀਤਾ ਹੈ ਕਿ ਉਹ ਸਮਾਂ ਸੀਮਾ ਨੂੰ ਨਜ਼ਰਅੰਦਾਜ਼ ਨਾ ਕਰੇ।