ਢਾਕਾ (ਏਜੰਸੀ) : ਬੰਗਲਾਦੇਸ਼ ਦੇ ਬ੍ਰਾਹਮਣਬੜੀਆ ਜ਼ਿਲ੍ਹੇ 'ਚ ਮੰਗਲਵਾਰ ਤੜਕੇ ਦੋ ਯਾਤਰੀ ਰੇਲ ਗੱਡੀਆਂ ਦੀ ਟੱਕਰ 'ਚ 16 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 60 ਮੁਸਾਫ਼ਰ ਜ਼ਖ਼ਮੀ ਹਨ। ਸਥਾਨਕ ਅਧਿਕਾਰੀਆਂ ਨੇ ਮਿ੍ਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਪ੍ਰਗਟਾਇਆ ਹੈ।

ਰੇਲਵੇ ਦੇ ਬੁਲਾਰੇ ਮੁਤਾਬਕ ਬ੍ਰਾਹਮਣਬੜੀਆ ਦੇ ਮੋਂਡੋਭਾਗ ਸਟੇਸ਼ਨ 'ਤੇ ਟਰੈਕ ਬਦਲਣ ਵੇਲੇ ਢਾਕਾ ਜਾ ਰਹੀ ਟੂਰਨਾ ਨਿਸ਼ਿਤਾ ਰੇਲ ਗੱਡੀ ਦੀ ਚਟਗਾਓਂ ਜਾ ਰਹੀ ਉਦਯਨ ਐਕਸਪ੍ਰਰੈੱਸ ਨਾਲ ਟੱਕਰ ਹੋ ਗਈ। ਇਹ ਹਾਦਸਾ ਦੋਵਾਂ ਰੇਲ ਗੱਡੀਆਂ ਦੇ ਇਕ ਹੀ ਪਟੜੀ 'ਤੇ ਆਉਣ ਨਾਲ ਹੋਇਆ।

ਇਸ ਟੱਕਰ 'ਚ ਉਦਯਨ ਐਕਸਪ੍ਰੈੱਸ ਦੇ ਪੰਜ ਡੱਬੇ ਬੁਰੀ ਤਰ੍ਹਾਂ ਨੁਕਸਾਨੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਲਈ ਜ਼ਿੰਮੇਵਾਰ ਟੂਰਨਾ ਨਿਸ਼ਿਤਾ ਟ੍ਰੇਨ ਦੇ ਡਰਾਈਵਰ ਤੇ ਕੰਡਕਟਰ ਨੂੰ ਫ਼ੌਰੀ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਬੰਗਲਾਦੇਸ਼ ਦੇ ਰਾਸ਼ਟਰਪਤੀ ਅਬਦੁਲ ਹਾਮਿਦ ਤੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਘਟਨਾ 'ਤੇ ਸ਼ੋਕ ਪ੍ਰਗਟਾਇਆ ਹੈ।