ਆਈਏਐਨਐੱਸ, ਟੋਕੀਓ : ਚੀਨ ਵਿਚ ਫੈਲੇ ਕੋਰੋਨਾ ਵਾਇਰਸ ਕਾਰਨ ਟੋਕੀਓ ਓਲੰਪਿਕ 2020 ਗੇਮਜ਼ ਦੀ ਟ੍ਰੇਨਿੰਗ ਵੀ ਪ੍ਰਭਾਵਿਤ ਹੋ ਰਹੀ ਹੈ। ਨਿਊਜ਼ ਏਜੰਸੀ ਦੇ ਹਵਾਲੇ ਨਾਲ ਸਿਨਹੂਆ ਨਿਊਜ਼ ਏਜੰਸੀ ਨੇ ਦੱਸਿਆ ਕਿ ਸ਼ੁੱਕਰਵਾਰ ਅੱਧੀ ਰਾਤ ਨੂੰ ਓਲੰਪਿਕ ਟੋਕੀਓ ਦੇ ਪ੍ਰਬੰਧਕਾਂ ਨੇ ਵਾਲੰਟੀਅਰਜ਼ ਦੀ ਟ੍ਰੇਨਿੰਗ ਰੱਦ ਕਰ ਦਿੱਤੀ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਹੋਰ ਨਾ ਫੈਲੇ ਇਸ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਬਾਕੀ ਪ੍ਰੋਗਰਾਮ ਆਪਣੇ ਮਿੱਥੇ ਸਮੇਂ 'ਤੇ ਹੀ ਹੋਵੇਗਾ।

ਨਿਊਜ਼ ਏਜੰਸੀ ਆਈਏਐਨਐੱਸ ਦੇ ਹਵਾਲੇ ਨਾਲ ਸਿਨਹੂਆ ਨਿਊਜ਼ ਏਜੰਸੀ ਵੱਲੋਂ ਕਿਹਾ ਗਿਆ ਹੈ ਕਿ ਟੋਕੀਓ ਓਲੰਪਿਕ 2020 ਗੇਮਜ਼ ਦੀ ਪ੍ਰਬੰਧਕ ਕਮੇਟੀ ਇਸੇ ਸਾਲ ਹੋਣ ਵਾਲੇ ਟੋਕੀਓ 2020 ਗੇਮਜ਼ ਨੂੰ ਸੁਰੱਖਿਅਤ ਕਰਵਾਉਣ ਲਈ ਸਾਰੇ ਸਬੰਧਤ ਪ੍ਰਬੰਧਕ ਸੰਗਠਨਾਂ ਦੇ ਨਾਲ ਤਿਆਰੀ ਕਰ ਰਹੀ ਹੈ। ਫਿਲਹਾਲ ਅਜੇ ਇਸ ਗੇਮਜ਼ ਨੂੰ ਰੱਦ ਕਰਨ ਦਾ ਕੋਈ ਵਿਚਾਰ ਨਹੀਂ ਹੈ ਅਤੇ ਨਾ ਹੀ ਅਜੇ ਕਿਸੇ ਵੀ ਤਰ੍ਹਾਂ ਦੇ ਪ੍ਰੋਗਰਾਮ ਨੂੰ ਰੱਦ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ, ਜੋ ਇਸ ਗੇਮਜ਼ ਦੀ ਤਿਆਰੀ 'ਤੇ ਪ੍ਰਭਾਵਤ ਕਰੇ। ਇਨ੍ਹਾਂ ਖੇਡਾਂ ਦੀ ਟ੍ਰੇਨਿੰਗ ਅੱਜ ਭਾਵ ਸ਼ਨੀਵਾਰ ਨੂੰ ਹੋਣੀ ਸੀ।

ਇਸ ਦੇ ਨਾਲ ਹੀ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਚੀਨ ਸਰਕਾਰ ਦੀ ਕੋਰੋਨਾ ਵਾਇਰਸ ਤੋਂ ਬਚਾਅ ਦੀ ਨੀਤੀ ਨੂੰ ਧਿਆਨ ਵਿਚ ਰੱਖਦੇ ਹੋਏ ਹੁਣ ਇਨ੍ਹਾਂ ਖੇਡਾਂ ਨਾਲ ਸਬੰਧੀ ਸਾਰੇ ਪ੍ਰੋਗਰਾਮਾਂ ਦਾ ਰੋਜ਼ਾਨਾ ਮੁਲਾਂਕਣ ਕੀਤਾ ਜਾ ਰਿਹਾ ਹੈ। ਟੋਕੀਓ 2020 ਇਵੈਂਟ ਲਈ ਉਹ ਇਹ ਸੁਨਿਸ਼ਚਿਤ ਕਰਨਾ ਚਾਹੁੰਦੇ ਹਨ ਕਿ ਇਨ੍ਹਾਂ ਖੇਡਾਂ ਵਿਚ ਭਾਗ ਲੈਣ ਵਾਲੇ ਸਾਰੇ ਪ੍ਰਤੀਯੋਗੀ ਸੁਰੱਖਿਅਤ ਰਹਿਣ।

Posted By: Tejinder Thind