ਯੇਰੂਸ਼ਲਮ (ਏਪੀ) : ਇਜ਼ਰਾਈਲ ਵਿਚ ਲਾਕਡਾਊਨ ਦੇ ਬਾਵਜੂਦ ਸ਼ਨਿਚਰਵਾਰ ਰਾਤ ਹਜ਼ਾਰਾਂ ਲੋਕ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਸਰਕਾਰੀ ਨਿਵਾਸ ਦੇ ਬਾਹਰ ਜਮ੍ਹਾਂ ਹੋ ਗਏ। ਉਹ ਪ੍ਰਧਾਨ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕਰ ਰਹੇ ਸਨ। ਦੇਸ਼ ਵਿਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਵਿਚ ਭਾਰੀ ਵਾਧਾ ਹੋਣ ਦੇ ਮੱਦੇਨਜ਼ਰ ਸ਼ੁੱਕਰਵਾਰ ਤੋਂ ਸਖ਼ਤ ਲਾਕਡਾਊਨ ਲਾਗੂ ਹੈ। ਨੇਤਨਯਾਹੂ ਪ੍ਰਦਰਸ਼ਨਾਂ 'ਤੇ ਵੀ ਪਾਬੰਦੀ ਲਗਾਉਣਾ ਚਾਹੁੰਦੇ ਹਨ ਪ੍ਰੰਤੂ ਸੰਸਦ ਵਿਚ ਸਹਿਮਤੀ ਨਹੀਂ ਬਣ ਸਕੀ ਹੈ।

ਪਿਛਲੇ ਤਿੰਨ ਮਹੀਨਿਆਂ ਤੋਂ ਨੇਤਨਯਾਹੂ ਦੇ ਨਿਵਾਸ ਦੇ ਬਾਹਰ ਪ੍ਰਦਰਸ਼ਨਕਾਰੀ ਜਮ੍ਹਾਂ ਹੋ ਰਹੇ ਹਨ ਅਤੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਨੇਤਨਯਾਹੂ ਨੂੰ ਅਹੁਦਾ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਖ਼ਿਲਾਫ਼ ਭਿ੍ਸ਼ਟਾਚਾਰ ਦੇ ਮਾਮਲੇ ਚੱਲ ਰਹੇ ਹਨ। ਕੋਰੋਨਾ ਮਹਾਮਾਰੀ ਨਾਲ ਠੀਕ ਢੰਗ ਨਾਲ ਨਾ ਨਿਪਟ ਸਕਣ ਕਾਰਨ ਵੀ ਲੋਕਾਂ ਵਿਚ ਨੇਤਨਯਾਹੂ ਪ੍ਰਤੀ ਨਾਰਾਜ਼ਗੀ ਹੈ। ਪ੍ਰਦਰਸ਼ਨਕਾਰੀਆਂ ਵਿਚ ਵੱਡੀ ਗਿਣਤੀ ਉਨ੍ਹਾਂ ਨੌਜਵਾਨਾਂ ਦੀ ਹੈ ਜਿਨ੍ਹਾਂ ਨੇ ਆਰਥਿਕ ਆਫ਼ਤ ਕਾਰਨ ਆਪਣੀ ਨੌਕਰੀ ਗੁਆ ਦਿੱਤੀ ਹੈ।

ਸ਼ਨਿਚਰਵਾਰ ਰਾਤ ਦੇ ਪ੍ਰਦਰਸ਼ਨ ਵਿਚ ਸ਼ੌਰ-ਸ਼ਰਾਬਾ ਤਾਂ ਬਹੁਤ ਹੋਇਆ ਪ੍ਰੰਤੂ ਸਰੀਰਕ ਦੂਰੀ ਦੇ ਨਿਯਮ ਨਹੀਂ ਟੁੱਟੇ। ਇਸ ਦੌਰਾਨ ਇਜ਼ਰਾਈਲੀ ਝੰਡੇ ਵੀ ਲਹਿਰਾਏ ਗਏ ਜਿਨ੍ਹਾਂ 'ਤੇ ਨੇਤਨਯਾਹੂ ਖ਼ਿਲਾਫ਼ ਨਾਅਰੇ ਲਿਖੇ ਹੋਏ ਸਨ। ਇਜ਼ਰਾਈਲ ਵਿਚ ਕੋਰੋਨਾ ਦੇ ਕੁਲ 2,26,000 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 1,417 ਲੋਕਾਂ ਦੀ ਮੌਤ ਹੋ ਚੁੱਕੀ ਹੈ। 61 ਹਜ਼ਾਰ ਤੋਂ ਜ਼ਿਆਦਾ ਐਕਟਿਵ ਕੇਸ ਹਨ।