ਬਾਤੂ ਕੇਵਜ਼ (ਏਐੱਫਪੀ) : ਮਲੇਸ਼ੀਆ 'ਚ ਹਿੰਦੂ ਭਾਈਚਾਰੇ ਦੇ ਲੋਕ ਸ਼ਨਿਚਰਵਾਰ ਨੂੰ ਵੱਖ-ਵੱਖ ਮੰਦਰਾਂ 'ਚ ਸਾਲਾਨਾ ਥਾਈਪੁਸਾਮ ਤਿਉਹਾਰ ਮਨਾਉਣ ਲਈ ਇਕੱਠੇ ਹੋਏ। ਵਿਸ਼ਵ ਭਰ 'ਚ ਫੈਲੇ ਕੋਰੋਨਾ ਵਾਇਰਸ ਦਾ ਡਰ ਛੱਡ ਕੇ ਇਨ੍ਹਾਂ ਲੋਕਾਂ ਨੇ ਵੱਖ-ਵੱਖ ਤਰੀਕੇ ਨਾਲ ਆਪਣੇ ਸਰੀਰ ਵਿੰਨ੍ਹੇ ਹੋਏ ਸਨ। ਕਿਸੇ ਨੇ ਸਰੀਰ ਵਿਚ ਹੁੱਕ ਲਗਾਈ ਸੀ ਤੇ ਕਿਸੇ ਨੇ ਮੂੰਹ ਵਿਚੋਂ ਸਰੀਆ ਆਰ-ਪਾਰ ਕੀਤਾ ਹੋਇਆ ਸੀ।

ਸਭ ਤੋਂ ਵੱਡਾ ਇਕੱਠ ਰਾਜਧਾਨੀ ਕੁਆਲਾਲੰਪੁਰ ਦੇ ਬਾਹਰਵਾਰ ਬਾਤੂ ਕੇਵਜ਼ ਮੰਦਰ ਵਿਚ ਸੀ। ਇਸ ਮੌਕੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਭਗਵਾਨ ਮੁਰੂਗਨ ਵਿਚ ਆਪਣੀ ਸ਼ਰਧਾ ਪ੍ਰਗਟ ਕੀਤੀ। ਸ਼ਰਧਾਲੂ 272 ਪੌੜੀਆਂ ਨੰਗੇ ਪੈਰ ਚੱਲ ਕੇ ਮੰਦਰ ਤਕ ਪੁੱਜੇ। ਇਹ ਮੰਦਰ ਤਾਮਿਲ ਹਿੰਦੂਆਂ ਦੀ ਆਸਥਾ ਦਾ ਕੇਂਦਰ ਹੈ। ਜ਼ਿਆਦਾਤਰ ਸ਼ਰਧਾਲੂਆਂ ਨੇ ਹੱਥਾਂ ਵਿਚ ਦੁੱਧ ਦੇ ਪੈਕਟ ਫੜੇ ਹੋਏ ਸਨ ਜਿਸ ਨੂੰ ਉਹ ਮੰਦਰ ਵਿਚ ਚੜ੍ਹਾਉਂਦੇ ਹਨ।

ਕਈ ਸ਼ਰਧਾਲੂਆਂ ਨੇ ਕਵਾੜੀ ਚੁੱਕੇ ਹੋਏ ਸਨ ਜਿਨ੍ਹਾਂ ਦਾ ਭਾਰ 110 ਕਿਲੋਗ੍ਰਾਮ ਤਕ ਹੁੰਦਾ ਹੈੇ। ਕਈਆਂ ਨੇ ਆਪਣੇ ਸਰੀਰ ਨੂੰ ਹੁੱਕਾਂ ਨਾਲ ਵਿੰਨਿਆ ਹੋਇਆ ਸੀ। ਬਹੁਤ ਘੱਟ ਸ਼ਰਧਾਲੂਆਂ ਨੇ ਮੂੰਹ 'ਤੇ ਮਾਸਕ ਪਾਇਆ ਹੋਇਆ ਸੀ। ਹੁਣ ਤਕ ਮਲੇਸ਼ੀਆ 'ਚ ਕੋਰੋਨਾ ਵਾਇਰਸ ਦੇ 16 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਚੀਨੀ ਨਾਗਰਿਕ ਹਨ ਜੋ ਚੀਨ ਤੋਂ ਹੋ ਕੇ ਆਏ ਸਨ। ਥਾਈਪੁਸਾਮ ਤਿਉਹਾਰ ਤੋਂ ਪਹਿਲਾਂ ਸ਼ਰਧਾਲੂ ਇਕ ਹਫ਼ਤੇ ਤਕ ਸ਼ਾਕਾਹਾਰੀ ਭੋਜਨ ਕਰਦੇ ਹਨ ਤੇ ਸੈਕਸ ਤੋਂ ਦੂਰ ਰਹਿੰਦੇ ਹਨ। ਮਲੇਸ਼ੀਆ 'ਚ ਇਸ ਸਮੇਂ 3.20 ਕਰੋੜ ਮੁਸਲਿਮ ਲੋਕ ਹਨ ਜਦਕਿ 20 ਲੱਖ ਭਾਰਤੀ ਭਾਈਚਾਰੇ ਦੇ ਲੋਕ ਰਹਿੰਦੇ ਹਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਹਿੰਦੂ ਹਨ।