ਵਿਆਨਾ (ਰਾਇਟਰ) : ਸਾਲ 2015 'ਚ ਈਰਾਨ ਨਾਲ ਹੋਏ ਪਰਮਾਣੂ ਸਮਝੌਤੇ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ 'ਚ ਦੁਨੀਆ ਦੀਆਂ ਵੱਡੀਆਂ ਸ਼ਕਤੀਆਂ ਲੱਗ ਗਈਆਂ ਹਨ। ਇਸੇ ਕਵਾਇਦ 'ਚ ਯੂਰਪੀ ਯੂਨੀਅਨ, ਫਰਾਂਸ, ਜਰਮਨੀ, ਚੀਨ, ਰੂਸ ਤੇ ਬਰਤਾਨੀਆ ਦੇ ਕੂਟਨੀਤਕਾਂ ਨੇ ਬੁੱਧਵਾਰ ਨੂੰ ਈਰਾਨ ਤੇ ਅਮਰੀਕਾ ਦੇ ਨੁਮਾਇੰਦਿਆਂ ਨਾਲ ਵੱਖੋ-ਵੱਖ ਮੁਲਾਕਾਤ ਕੀਤੀ। ਇਹ ਦੇਸ਼ ਵਿਚੋਲਗੀ ਦੇ ਤੌਰ 'ਤੇ ਕੰਮ ਕਰ ਰਹੇ ਹਨ, ਕਿਉਂਕਿ ਈਰਾਨ ਨੇ ਅਮਰੀਕਾ ਨਾਲ ਸਿੱਧੀ ਗੱਲਬਾਤ ਤੋਂ ਇਨਕਾਰ ਕੀਤਾ ਹੈ।

ਇਧਰ, ਵਾਸ਼ਿੰਗਟਨ 'ਚ ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੈੱਡ ਪ੍ਰਰਾਈਸ ਨੇ ਕਿਹਾ, 'ਇਸ ਤਰ੍ਹਾਂ ਦੀ ਗੱਲਬਾਤ ਸੌਖੀ ਨਹੀਂ ਹੈ, ਕਿਉਂਕਿ ਇਹ ਅਸਿੱਧੇ ਤੌਰ 'ਤੇ ਹੋ ਰਹੀ ਹੈ।' ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਕੁਝ ਪਾਬੰਦੀਆਂ ਤੋਂ ਰਾਹਤ ਦੇ ਸਕਦਾ ਹੈ। ਜ਼ਿਕਰਯੋਗ ਹੈ ਕਿ ਇਹ ਪਰਮਾਣੂ ਸਮਝੌਤਾ ਈਰਾਨ ਨੇ ਦੁਨੀਆ ਦੀਆਂ ਛੇ ਵੱਡੀ ਸ਼ਕਤੀਆਂ ਅਮਰੀਕਾ, ਰੂਸ, ਬਰਤਾਨੀਆ, ਫਰਾਂਸ, ਚੀਨ ਤੇ ਜਰਮਨੀ ਨਾਲ ਕੀਤਾ ਹੈ। ਸਾਲ 2018 'ਚ ਤਤਕਾਲੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਮਝੌਤੇ ਤੋਂ ਆਪਣੇ ਦੇਸ਼ ਨੂੰ ਵੱਖ ਕਰ ਲਿਆ ਸੀ ਤੇ ਈਰਾਨ 'ਤੇ ਸਖ਼ਤ ਪਾਬੰਦੀ ਲਾ ਦਿੱਤੀ ਸੀ। ਇਸ ਤੋਂ ਭੜਕੇ ਈਰਾਨ ਨੇ ਸਮਝੌਤੇ ਦੀ ਉਲੰਘਣਾ ਕਰ ਕੇ ਆਪਣੇ ਪਰਮਾਣੂ ਪ੍ਰਰੋਗਰਾਮ ਨੂੰ ਤੇਜ਼ ਕਰ ਦਿੱਤਾ। ਸਮਝੌਤੇ ਨਾਲ ਜੁੜੇ ਰਹਿਣ ਵਾਲੇ ਈਰਾਨ, ਬਰਤਾਨੀਆ, ਚੀਨ, ਫਰਾਂਸ, ਰੂਸ ਤੇ ਜਰਮਨੀ ਵਿਚਾਲੇ ਵਿਆਨਾ 'ਚ ਮੰਗਲਵਾਰ ਨੂੰ ਬੈਠਕ ਹੋਈ ਤੇ ਮਾਹਿਰ ਪੱਧਰ ਦੇ ਦੋ ਸਮੂਹ ਬਣਾਉਣ 'ਤੇ ਸਹਿਮਤੀ ਬਣੀ। ਇਨ੍ਹਾਂ ਸਮੂਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਉਹ ਉਨ੍ਹਾਂ ਪਾਬੰਦੀਆਂ ਦੀ ਸੂਚੀ ਤਿਆਰ ਕਰਨ, ਜਿਨ੍ਹਾਂ ਨੂੰ ਅਮਰੀਕੀ ਪਰਮਾਣੂ ਸਮਝੌਤੇ ਦੀਆਂ ਸ਼ਰਤਾਂ ਦੇ ਪੂਰਾ ਹੋਣ 'ਤੇ ਈਰਾਨ ਤੋਂ ਹਟਾ ਸਕਦਾ ਹੈ। ਕੂਟਨੀਤਕਾਂ ਨੇ ਕਿਹਾ ਕਿ ਯੂਰਪੀ ਯੂਨੀਅਨ ਦੀ ਅਗਵਾਈ ਵਾਲੇ ਇਨ੍ਹਾਂ ਸਮੂਹਾਂ ਨੇ ਅਮਰੀਕਾ ਤੇ ਈਰਾਨ ਦੇ ਨੁਮਾਇੰਦਿਆਂ ਨਾਲ ਵੱਖੋ-ਵੱਖ ਮੁਲਾਕਾਤ ਕੀਤੀ। ਇਸ ਤਰ੍ਹਾਂ ਦੀ ਕੋਸ਼ਿਸ਼ ਦਾ ਨਤੀਜਾ ਆਉਣ 'ਚ ਹਫ਼ਤਿਆਂ ਦਾ ਸਮਾਂ ਲੱਗ ਸਕਦਾ ਹੈ।