ਬੀਜਿੰਗ (ਏਪੀ) : ਚੀਨ ਨੇ ਕਿਹਾ ਕਿ ਅਮਰੀਕੀ ਏਜੰਸੀਆਂ ਉਸ ਦੇ ਵਿਦਿਆਰਥੀਆਂ ਤੇ ਖੋਜਾਰਥੀਆਂ ਦੀ ਨਿਗਰਾਨੀ ਕਰ ਰਹੀਆਂ ਹਨ, ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀਆਂ ਹਨ ਤੇ ਉਨ੍ਹਾਂ ਤੋਂ ਬਿਨਾਂ ਕਾਰਨ ਪੁੱਛਗਿੱਛ ਕਰ ਰਹੀਆਂ ਹਨ। ਇਹ ਵਿਦਿਆਰਥੀ ਤੇ ਖੋਜਾਰਥੀ ਅਮਰੀਕਾ 'ਚ ਪੜ੍ਹਾਈ ਲਈ ਗਏ ਹੋਏ ਹਨ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਦਾ ਇਹ ਬਿਆਨ ਕੈਲੀਫੋਰਨੀਆ 'ਚ ਇਕ ਯੂਨੀਵਰਸਿਟੀ ਦੀ ਖੋਜਕਰਤਾ ਚੀਨੀ ਵਿਦਿਆਰਥਣ ਨੂੰ ਜ਼ਮਾਨਤ ਨਾ ਮਿਲਣ ਤੋਂ ਬਾਅਦ ਆਇਆ ਹੈ। ਇਸ ਖੋਜਾਰਥੀ ਤੋਂ ਅਮਰੀਕੀ ਏਜੰਸੀਆਂ ਨੂੰ ਪੁੱਛਗਿੱਛ ਤੇ ਜਾਂਚ 'ਚ ਪਤਾ ਲੱਗਾ ਹੈ ਕਿ ਉਨ੍ਹਾਂ ਦੇ ਚੀਨ ਦੀ ਫ਼ੌਜ ਤੇ ਕਮਿਊਨਿਸਟ ਪਾਰਟੀ ਨਾਲ ਰਿਸ਼ਤੇ ਹਨ। ਅਮਰੀਕਾ ਆ ਕੇ ਲਾਹਾ ਲੈਣ ਲਈ ਉਨ੍ਹਾਂ ਨਾਲ ਇਨ੍ਹਾਂ ਰਿਸ਼ਤਿਆਂ ਨੂੰ ਲੁਕਾਇਆ। ਜਾਣਕਾਰੀ ਲੁਕਾਉਣ ਲਈ ਉਸ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਅਦਾਲਤ ਨੇ ਉਸ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ। ਵਾਂਗ ਨੇ ਕਿਹਾ ਕਿ ਚੀਨ ਸਰਕਾਰ ਜੁਆਨ ਤਾਂਗ ਨਾਂ ਦੀ ਇਸ ਖੋਜਾਰਥਣ ਦੀ ਕਿਸੇ ਗ਼ਲਤ ਗੱਲ ਦੀ ਹਮਾਇਤ ਨਹੀਂ ਕਰਦੀ ਹੈ ਪਰ ਉਹ ਚਾਹੁੰਦੀ ਹੈ ਕਿ ਵਿਦਿਆਰਥਣ 'ਤੇ ਝੂਠੇ ਦੋਸ਼ ਨਾ ਲਾਏ ਜਾਣ। ਇਸ ਲਈ ਚੀਨ ਅਮਰੀਕਾ ਨੂੰ ਅਪੀਲ ਕਰਦਾ ਹੈ ਕਿ ਖੋਜਾਰਥਣ ਨਾਲ ਕਾਨੂੰਨ ਦੀ ਰੋਸ਼ਨੀ 'ਚ ਵਿਤਕਰਾ ਹੋਵੇ। ਉਸ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ ਤੇ ਉਸ ਨੂੰ ਉਸ ਦੇ ਜਾਇਜ਼ ਹੱਕ ਦਿੱਤੇ ਜਾਣ। ਬੁਲਾਰੇ ਨੇ ਕਿਹਾ ਕਿ ਕੁਝ ਸਮੇਂ ਤੋਂ ਅਮਰੀਕੀ ਏਜੰਸੀਆਂ ਦਾ ਚੀਨ ਦੇ ਲੋਕਾਂ ਪ੍ਰਤੀ ਵਤੀਰਾ ਬਦਲਿਆ ਹੈ, ਜੋ ਮੰਦਭਾਗਾ ਤੇ ਗ਼ਲਤ ਹੈ।