ਢਾਕਾ (ਆਈਏਐੱਨਐੱਸ) : ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਅਬਦੁੱਲ ਮੇਨਨ ਨੇ ਰੋਹਿੰਗਿਆ ਸੰਕਟ ਕਾਰਨ ਅੱਤਵਾਦ ਪੈਦਾ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸੰਕਟ ਦਾ ਹੱਲ ਨਾ ਹੋਣ 'ਤੇ ਕੱਟੜਪੰਥੀ ਅਤੇ ਅੱਤਵਾਦ ਦੀ ਸਮੱਸਿਆ ਖੜ੍ਹੀ ਹੋ ਸਕਦੀ ਹੈ।

ਮੇਨਨ ਨੇ 27ਵੇਂ ਆਸਿਆਨ ਰਿਜਨਲ ਫੋਰਮ ਵਿਚ ਕਿਹਾ ਕਿ ਸਾਨੂੰ ਡਰ ਹੈ ਕਿ ਜੇਕਰ ਇਸ ਸਮੱਸਿਆ ਦਾ ਛੇਤੀ ਹੱਲ ਨਾ ਕੀਤਾ ਗਿਆ ਤਾਂ ਇਸ ਕਾਰਨ ਕੱਟੜਪੰਥੀ ਅਤੇ ਅੱਤਵਾਦ ਦਾ ਖ਼ਤਰਾ ਵੱਧ ਸਕਦਾ ਹੈ। ਉਨ੍ਹਾਂ ਦੱਸਿਆ ਕਿ ਬੰਗਲਾਦੇਸ਼ ਦੇ ਅਰਥਚਾਰੇ ਅਤੇ ਵਾਤਾਵਰਨ ਲਈ ਉਤਪੰਨ ਹੋਏ ਖ਼ਤਰਿਆਂ ਦੇ ਬਾਵਜੂਦ ਮਾਨਵੀ ਆਧਾਰ 'ਤੇ ਕਰੀਬ 11 ਲੱਖ ਰੋਹਿੰਗਿਆ ਮੁਸਲਮਾਨਾਂ ਨੂੰ ਸ਼ਰਨ ਦਿੱਤੀ ਗਈ ਹੈ। ਇਨ੍ਹਾਂ ਦੀ ਵਾਪਸੀ ਨੂੰ ਲੈ ਕੇ ਬੰਗਲਾਦੇਸ਼ ਨੇ ਮਿਆਂਮਾਰ ਨਾਲ ਤਿੰਨ ਕਰਾਰ ਕੀਤੇ ਹਨ ਪ੍ਰੰਤੂ ਬਦਕਿਸਮਤੀ ਦੀ ਗੱਲ ਇਹ ਹੈ ਕਿ ਹੁਣ ਤਕ ਕਿਸੇ ਦੀ ਵੀ ਵਾਪਸੀ ਨਹੀਂ ਹੋ ਸਕੀ ਹੈ। ਦੱਸਣਯੋਗ ਹੈ ਕਿ ਸਾਲ 2017 ਵਿਚ ਮਿਆਂਮਾਰ ਦੇ ਰਖਾਈਨ ਸੂਬੇ ਵਿਚ ਫ਼ੌਜੀ ਕਾਰਵਾਈ ਕਾਰਨ 9 ਲੱਖ ਤੋਂ ਜ਼ਿਆਦਾ ਰੋਹਿੰਗਿਆ ਬੰਗਲਾਦੇਸ਼ ਚਲੇ ਆਏ ਸਨ।

ਮਿਆਂਮਾਰ ਦੇ ਰਾਜਦੂਤ ਨੂੰ ਤਲਬ ਕੀਤਾ

ਬੰਗਲਾਦੇਸ਼ੀ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਮਿਆਂਮਾਰ ਦੇ ਰਾਜਦੂਤ ਯੂ ਆਂਗ ਕਵਾਵ ਮੋਈ ਨੂੰ ਤਲਬ ਕਰ ਕੇ ਫ਼ੌਜੀ ਕਾਰਵਾਈ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ। ਮੀਡੀਆ ਵਿਚ ਖ਼ਬਰਾਂ ਆਈਆਂ ਹਨ ਕਿ ਬੰਗਲਾਦੇਸ਼ ਨਾਲ ਲੱਗਦੇ ਮਿਆਂਮਾਰ ਦੇ ਰਖਾਈਨ ਸੂਬੇ ਵਿਚ ਫ਼ੌਜ ਕੁਝ ਸ਼ੱਕੀ ਮੁਹਿੰਮ ਨੂੰ ਅੰਜਾਮ ਦੇ ਰਹੀ ਹੈ। ਅਜਿਹੀ ਮੁਹਿੰਮ ਤੋਂ ਹੀ ਰੋਹਿੰਗਿਆ ਨੇ ਹਿਜਰਤ ਕੀਤੀ ਸੀ।