ਕਾਬੁਲ (ਏਜੰਸੀ) : ਤਾਲਿਬਾਨ ਵੱਲੋਂ ਨਵੀਂ ਮੀਡੀਆ ਗਾਈਡਲਾਈਨ ਜਾਰੀ ਕੀਤੇ ਜਾਣ ਤੋਂ ਬਾਅਦ ਅਫ਼ਗਾਨਿਸਤਾਨ ’ਚ ਪ੍ਰਗਟਾਵੇ ਦੀ ਆਜ਼ਾਦੀ ਖ਼ਤਰੇ ’ਚ ਪੈ ਗਈ ਹੈ। ਅਫ਼ਗਾਨਿਸਤਾਨ ਦੀ ਸੱਤਾ ’ਤੇ ਕਬਜ਼ਾ ਕਰਨ ਵਾਲੇ ਸੰਗਠਨ ਨੇ ਐਲਾਨ ਕੀਤਾ ਹੈ ਕਿ ਉਸ ਦੇ ਕਥਿਤ ਪ੍ਰਸ਼ਾਸਨ ਖ਼ਿਲਾਫ਼ ਕਿਸੇ ਵੀ ਮੀਡੀਆ ਹਾਊਸ ਜਾਂ ਨਿਊਜ਼ ਏਜੰਸੀ ਨੂੰ ਖ਼ਬਰ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।

ਖਾਮਾ ਪ੍ਰੈੱਸ ਨੇ ਅਫ਼ਗਾਨਿਸਤਾਨ ਪੱਤਰਕਾਰ ਸੁਰੱਖਿਆ ਕਮੇਟੀ ਦੇ ਹਵਾਲੇ ਨਾਲ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਬਾਦਕਸ਼ਣ ਸੂਬੇ ਦੇ ਸਥਾਨਕ ਅਧਿਕਾਰੀਆਂ ਨੇ ਮੀਡੀਆ ਹਾਊਸਾਂ ਨੂੰ ਸਮੀਖਿਆ ਤੇ ਸਰਟੀਫਾਈ ਕਰਨ ਤੋਂ ਬਾਅਦ ਹੀ ਕਿਸੇ ਵੀ ਖ਼ਬਰ ਦੇ ਪ੍ਰਕਾਸ਼ਨ ਜਾਂ ਪ੍ਰਸਾਰਣ ਦਾ ਹੁਕਮ ਦਿੱਤਾ ਹੈ। ਏਜੇਐੱਸਸੀ ਮੁਤਾਬਕ ਸੂਚਨਾ ਤੇ ਸੰਸਕ੍ਰਿਤੀ ਵਿਭਾਗ ਦੇ ਸੂਬਾਈ ਡਾਇਰੈਕਟਰ ਮੁਈਜੁੱਦੀਨ ਅਹਿਮਦੀ ਨੇ ਕਿਹਾ ਹੈ ਕਿ ਔਰਤਾਂ ਨੂੰ ਜਨਤਕ ਤੌਰ ’ਤੇ ਰਿਪੋਰਟਿੰਗ ਦਾ ਅਧਿਕਾਰ ਨਹੀਂ ਦਿੱਤਾ ਗਿਆ। ਮਹਿਲਾ ਮੀਡੀਆ ਕਰਮੀ ਦਫ਼ਤਰ ’ਚ ਮਰਦਾਂ ਤੋਂ ਵੱਖ ਕੰਮ ਕਰ ਸਕਦੀਆਂ ਹਨ।

257 ਮੀਡੀਆ ਅਦਾਰੇ ਬੰਦ

ਤਾਲਿਬਾਨ ਦੇ ਇਸ ਹੁਕਮ ਤੋਂ ਬਾਅਦ ਕੁਝ ਪੱਤਰਕਾਰ ਦੇਸ਼ ਛੱਡ ਚੁੱਕੇ ਹਨ, ਤਾਂ ਕੁਝ ਲੁਕ ਗਏ ਹਨ। ਔਰਤਾਂ ਨੂੰ ਤਾਂ ਕੰਮ ਵੀ ਛੱਡਣਾ ਪਿਆ ਹੈ। ਮੀਡੀਆ ਦੀ ਮਦਦ ਕਰਨ ਵਾਲੀ ਸੰਸਥਾ ਐੱਨਆਈਏ ਦਾ ਕਹਿਣਾ ਹੈ ਕਿ ਅਫ਼ਗਾਨਿਸਤਾਨ ’ਚ ਹੁਣ ਤਕ 257 ਮੀਡੀਆ ਅਦਾਰੇ ਬੰਦ ਹੋ ਚੁੱਕੇ ਹਨ, ਜਿਸ ਕਾਰਨ 70 ਫ਼ੀਸਦੀ ਮੀਡੀਆ ਕਰਮੀ ਬੇਰੁਜ਼ਗਾਰ ਹੋ ਗਏ ਹਨ।

50 ਫ਼ੀਸਦੀ ਨਿੱਜੀ ਵਿੱਦਿਅਕ ਅਦਾਰਿਆਂ ’ਤੇ ਲਟਕੇ ਤਾਲੇ

ਨਿੱਜੀ ਸਿੱਖਿਆ ਕੇਂਦਰ ਸੰਘ ਦੇ ਹਵਾਲੇ ਨਾਲ ਸਥਾਨਕ ਮੀਡੀਆ ਨੇ ਦੱਸਿਆ ਕਿ ਹੁਣ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਤੋਂ ਦੇਸ਼ ਦੇ 50 ਫ਼ੀਸਦੀ ਵਿਦਿਅਕ ਅਦਾਰੇ ਬੰਦ ਹੋ ਚੁੱਕੇ ਹਨ। ਸੰਘ ਮੁਖੀ ਸਾਂਝਰ ਖਾਲਿਦ ਦਾ ਕਹਿਣਾ ਹੈ ਕਿ ਇਨ੍ਹਾਂ ਸਸੰਥਾਵਾਂ ਕੋਲ ਪੂਰੀ ਗਿਣਤੀ ’ਚ ਵਿਦਿਆਰਥੀ ਹੀ ਨਹੀਂ ਹਨ।

ਭਾਰਤ ’ਚ ਸਿੱਖਿਆ ਹਾਸਲ ਕਰਨ ਲਈ ਭੇਜੇ ਗਏ ਸਨ ਕੁਝ ਤਾਲਿਬਾਨੀ

ਆਈਐੱਨਐੱਸ ਮੁਤਾਬਕ ਕੁਝ ਅਹਿਮ ਤਾਲਿਬਾਨੀਆਂ ਨੂੰ ਵਜ਼ੀਫ਼ੇ ਦੇ ਕੇ ਭਾਰਤ ’ਚ ਸਿੱਖਿਆ ਹਾਸਲ ਕਰਨ ਲਈ ਭੇਜਿਆ ਗਿਆ ਸੀ। ਵਾਲ ਸਟ੍ਰੀਟ ਜਰਨਲ ਦੀ ਰਿਪੋਰਟ ਦੇ ਹਵਾਲੇ ਨਾਲ ਖਾਮਾ ਪ੍ਰੈੱਸ ਨੇ ਦੱਸਿਆ ਕਿ ਅਜਿਹੇ ਹੀ ਤਾਲਿਬਾਨੀਆਂ ’ਚ ਅਹਿਮਦ ਵਲੀ ਹਕਮਲ ਵੀ ਸ਼ਾਮਿਲ ਸਨ, ਜਿਹੜੇ ਹੁਣ ਅਫ਼ਗਾਨਿਸਤਾਨ ਦੇ ਵਿੱਤ ਮੰਤਰਾਲੇ ਦੇ ਬੁਲਾਰੇ ਹਨ। ਕੰਧਾਰ ਯੂਨੀਵਰਸਿਟੀ ’ਚ ਲੈਕਚਰਰ ਰਹੇ ਹਕਮਲ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ’ਚ ਮਨੁੱਖੀ ਅਧਿਕਾਰ ਦੀ ਪੜ੍ਹਾਈ ਕਰਨ ਲਈ ਭੇਜਿਆ ਗਿਆ ਸੀ। ਪਰਤਣ ਤੋਂ ਬਾਅਦ ਹਕਮਲ ਨੂੰ ਕੰਧਾਰ ’ਚ ਤਾਲਿਬਾਨ ਲਈ ਭਰਤੀਆਂ ਕਰਨ ਤੇ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਅਬਦੁਲ ਗਨੀ ਸਰਕਾਰ ਦੌਰਾਨ ਤਾਲਿਬਾਨ ਦੇ ਖ਼ੁਫ਼ੀਆ ਏਜੰਟ ਵਿਦੇਸ਼ੀ ਪੋਸ਼ਾਕ ’ਚ ਵੱਖ-ਵੱਖ ਵਿਭਾਗਾਂ ਤੇ ਦਫ਼ਤਰਾਂ ’ਚ ਸਰਗਰਮ ਸਨ। ਉਨ੍ਹਾਂ ਨੇ ਕਾਬੁਲ ’ਤੇ ਕਬਜ਼ੇ ’ਚ ਤਾਲਿਬਾਨ ਦਾ ਸਹਿਯੋਗ ਕੀਤਾ ਸੀ।

Posted By: Susheel Khanna