ਕਾਠਮੰਡੂ (ਏਐੱਨਆਈ) : ਅੱਜਕਲ੍ਹ ਹਰ ਚਾਲ ਚੀਨ ਦੇ ਇਸ਼ਾਰੇ 'ਤੇ ਚੱਲਣ ਨੇਪਾਲੀ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਭਾਰਤੀ ਸਰਹੱਦ 'ਤੇ ਕਬਜ਼ੇ ਦੀ ਗੁਸਤਾਖੀ ਤੋਂ ਬਾਅਦ ਹੁਣ ਭਾਰਤੀ ਆਸਥਾ ਨੂੰ ਚੁਣੌਤੀ ਦਿੱਤੀ ਹੈ। ਓਲੀ ਨੇ ਵਿਵਾਦਤ ਦਾਅਵਾ ਕੀਤਾ ਹੈ ਕਿ ਭਗਵਾਨ ਰਾਮ ਦਾ ਜਨਮ ਸਥਾਨ ਅਯੁੱਧਿਆ ਨੇਪਾਲ 'ਚ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਭਗਵਾਨ ਰਾਮ ਨੇਪਾਲੀ ਸਨ।

ਕਾਠਮੰਡੂ 'ਚ ਪੀਐੱਮ ਰਿਹਾਇਸ਼ 'ਚ ਸੋਮਵਾਰ ਨੂੰ ਕਰਵਾਏ ਇਕ ਪ੍ਰਰੋਗਰਾਮ 'ਚ ਓਲੀ ਨੇ ਕਿਹਾ, 'ਅਯੁੱਧਿਆ ਅਸਲ 'ਚ ਨੇਪਾਲ ਦੇ ਬੀਰਭੂਮੀ ਜ਼ਿਲ੍ਹੇ ਦੇ ਪੱਛਮ 'ਚ ਸਥਿਤ ਥੋਰੀ ਸ਼ਹਿਰ 'ਚ ਹੈ। ਭਾਰਤ ਦਾਅਵਾ ਕਰਦਾ ਹੈ ਕਿ ਭਗਵਾਨ ਰਾਮ ਦਾ ਜਨਮ ਉਥੇ ਹੋਇਆ ਸੀ। ਉਸ ਦੇ ਇਸੇ ਲਗਾਤਾਰ ਦਾਅਵੇ ਕਾਰਨ ਅਸੀਂ ਮੰਨਣ ਲੱਗੇ ਹਾਂ ਕਿ ਦੇਵੀ ਸੀਤਾ ਦਾ ਵਿਆਹ ਭਾਰਤ ਦੇ ਰਾਜ ਕੁਮਾਰ ਰਾਮ ਨਾਲ ਹੋਇਆ ਸੀ। ਜਦਕਿ ਅਸਲੀਅਤ 'ਚ ਅਯੁੱਧਿਆ ਬੀਰਭੂਮੀ ਨੇੜੇ ਸਥਿਤ ਇਕ ਪਿੰਡ ਹੈ।'

ਨੇਪਾਲ ਦੇ ਪ੍ਰਧਾਨ ਮੰਤਰੀ ਓਲੀ ਨੇ ਭਾਰਤ 'ਤੇ ਸੱਭਿਆਚਾਰਕ ਕਬਜ਼ੇ ਦਾ ਦੋਸ਼ ਲਾਉਂਦਿਆਂ ਕਿਹਾ, 'ਭਾਰਤ ਨੇ ਇਕ ਨਕਲੀ ਅਯੁੱਧਿਆ ਦਾ ਨਿਰਮਾਣ ਕੀਤਾ ਹੈ।' ਉਨ੍ਹਾਂ ਨੇ ਦਾਅਵਾ ਕੀਤਾ ਕਿ ਵਾਲਮੀਕਿ ਆਸ਼ਰਮ ਨੇਪਾਲ 'ਚ ਹੈ ਤੇ ਉਹ ਪਵਿੱਤਰ ਸਥਾਨ ਜਿਥੇ ਰਾਜਾ ਦਸ਼ਰਥ ਨੇ ਪੁੱਤਰ ਦੇ ਜਨਮ ਲਈ ਯੱਗ ਕੀਤਾ ਸੀ ਉਹ ਰਿਧੀ ਹੈ। ਉਨ੍ਹਾਂ ਨੇ ਕਿਹਾ ਕਿ ਦਸ਼ਰਥ ਪੁੱਤਰ ਰਾਮ ਭਾਰਤੀ ਨਹੀਂ ਸਨ ਤੇ ਅਯੁੱਧਿਆ ਵੀ ਨੇਪਾਲ 'ਚ ਹੈ। ਓਲੀ ਨੇ ਆਪਣੇ ਇਨ੍ਹਾਂ ਹੋਛੇ ਦਾਅਵਿਆਂ 'ਤੇ ਅਜੀਬੋ-ਗ਼ਰੀਬ ਦਲੀਲ ਦਿੰਦਿਆਂ ਕਿਹਾ ਕਿ ਜਦੋਂ ਸੰਚਾਰ ਦਾ ਕੋਈ ਤਰੀਕਾ ਨਹੀਂ ਸੀ ਤਾਂ ਭਗਵਾਨ ਰਾਮ ਸੀਤਾ ਨਾਲ ਵਿਆਹ ਕਰਨ ਜਨਕਪੁਰ ਕਿਵੇਂ ਆਏ? ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਭਗਵਾਨ ਰਾਮ ਲਈ ਉਦੋਂ ਇਹ ਅਸੰਭਵ ਸੀ ਕਿ ਉਹ ਭਾਰਤ ਸਥਿਤ ਮੌਜੂਦ ਅਯੁੱਧਿਆ ਤੋਂ ਜਨਕਪੁਰ ਤਕ ਆਉਂਦੇ। ਓਲੀ ਨੇ ਕਿਹਾ, 'ਜਨਕਪੁਰ ਇਥੇ, ਅਯੁੱਧਿਆ ਉਥੇ ਹੈ ਅਤੇ ਅਸੀਂ ਵਿਆਹ ਦੀ ਗੱਲ ਕਰ ਰਹੇ ਹਾਂ। ਉਦੋਂ ਨਾ ਮੋਬਾਈਲ ਫੋਨ ਸੀ ਤੇ ਨਾ ਹੀ ਟੈਲੀਫੋਨ ਤਾਂ ਉਨ੍ਹਾਂ ਨੂੰ ਜਨਕਪੁਰ ਬਾਰੇ ਕਿਵੇਂ ਪਤਾ ਲੱਗਾ।' ਧਿਆਨ ਰਹੇ ਕਿ ਚੀਨ ਦੀ ਸ਼ਹਿ 'ਤੇ ਲਗਾਤਾਰ ਭਾਰਤ ਖ਼ਿਲਾਫ਼ ਕੰਮ ਕਰ ਰਹੇ ਨੇਪਾਲੀ ਪ੍ਰਧਾਨ ਮੰਤਰੀ ਓਲੀ ਨੇ ਹਾਲ 'ਚ ਭਾਰਤੀ ਇਲਾਕੇ ਲਿਪੁਲੇਖ ਤੇ ਕਾਲਾਪਾਣੀ 'ਤੇ ਆਪਣਾ ਦਾਅਵਾ ਠੋਕਦਿਆਂ ਉਸ ਨੂੰ ਆਪਣੇ ਵਿਵਾਦਮਈ ਨਕਸ਼ੇ 'ਚ ਸ਼ਾਮਲ ਕਰ ਲਿਆ ਹੈ।