ਕਾਬੁਲ (ਏਪੀ) : ਅਫ਼ਗਾਨਿਸਤਾਨ ਵਿਚ ਰਹਿਣ ਵਾਲੇ ਘੱਟ ਗਿਣਤੀ ਸਿੱਖ ਤੇ ਹਿੰਦੂ ਭਾਈਚਾਰਿਆਂ ਦੀ ਆਬਾਦੀ ਤੇਜ਼ੀ ਨਾਲ ਘੱਟ ਹੋ ਰਹੀ ਹੈ। ਕਦੇ ਢਾਈ ਲੱਖ ਲੋਕਾਂ ਦੀ ਇਨ੍ਹਾਂ ਭਾਈਚਾਰਿਆਂ ਦੀ ਆਬਾਦੀ ਹੁਣ ਘੱਟ ਕੇ ਸਿਰਫ਼ 700 ਰਹਿ ਗਈ ਹੈ। ਅਜਿਹਾ ਖ਼ਾਸ ਤੌਰ 'ਤੇ ਅੱਤਵਾਦੀ ਜਮਾਤ ਇਸਲਾਮਿਕ ਸਟੇਟ (ਆਈਐੱਸ) ਦੀਆਂ ਧਮਕੀਆਂ ਕਾਰਨ ਹੋ ਰਿਹਾ ਹੈ। ਲੋਕ ਆਪਣਾ ਜਨਮ ਸਥਾਨ ਛੱਡ ਕੇ ਦੇਸ਼ ਤੋਂ ਬਾਹਰ ਜਾ ਰਹੇ ਹਨ।

ਅਫ਼ਗਾਨਿਸਤਾਨ 'ਚ ਘੱਟ ਗਿਣਤੀਆਂ ਦੀ ਹਿਜਰਤ ਪਿਛਲੇ ਕਈ ਸਾਲਾਂ 'ਚ ਤੇਜ਼ ਹੋਈ ਹੈ। ਇਸ ਦਾ ਮੁੱਖ ਕਾਰਨ ਮੁਸਲਿਮ ਬਹੁਲਤਾ ਵਾਲੇ ਦੇਸ਼ ਵਿਚ ਉਨ੍ਹਾਂ ਨਾਲ ਹੋਣ ਵਾਲਾ ਭੇਦਭਾਵ ਹੈ। ਘੱਟ ਗਿਣਤੀਆਂ ਖ਼ਾਸ ਤੌਰ 'ਤੇ ਸਿੱਖਾਂ ਅਤੇ ਹਿੰਦੂਆਂ ਨੂੰ ਹਰ ਪੱਧਰ 'ਤੇ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਮਿਲਦੀ।

ਹਾਲਾਤ ਤਦ ਹੋਰ ਬਦਤਰ ਹੋ ਗਏ ਜਦੋਂ ਬੀਤੇ ਕੁਝ ਸਾਲਾਂ ਵਿਚ ਉੱਥੇ ਅੱਤਵਾਦੀ ਜਮਾਤ ਆਈਐੱਸ ਦਾ ਪ੍ਰਭਾਵ ਵਧਿਆ। ਸੁੰਨੀ ਮੁਸਲਮਾਨਾਂ ਦੇ ਸੰਗਠਨ ਆਈਐੱਸ ਦੇ ਨਿਸ਼ਾਨੇ 'ਤੇ ਹਰ ਥਾਂ ਗ਼ੈਰ ਮੁਸਲਿਮ ਰਹਿੰਦੇ ਹਨ। ਆਪਣਾ ਨਾਂ ਜਨਤਕ ਨਾ ਕਰਨ ਦੀ ਸ਼ਰਤ 'ਤੇ ਸਿੱਖ ਭਾਈਚਾਰੇ ਦੇ ਮੈਂਬਰ ਨੇ ਦੱਸਿਆ ਕਿ ਜੋ ਹਾਲਾਤ ਹਨ ਉਨ੍ਹਾਂ ਵਿਚ ਅਸੀਂ ਜ਼ਿਆਦਾ ਦਿਨਾਂ ਤਕ ਅਫ਼ਗਾਨਿਸਤਾਨ ਵਿਚ ਨਹੀਂ ਰਹਿ ਸਕਦੇ। ਮਾਰਚ 'ਚ ਗੁਰਦੁਆਰੇ 'ਤੇ ਆਈਐੱਸ ਨੇ ਹਮਲਾ ਕਰ ਕੇ ਜਦੋਂ 25 ਸਿੱਖ ਮਾਰੇ ਸਨ, ਉਨ੍ਹਾਂ ਵਿੱਚੋਂ ਸੱਤ ਇਸ ਵਿਅਕਤੀ ਦੇ ਰਿਸ਼ਤੇਦਾਰ ਸਨ। ਉਨ੍ਹਾਂ ਦੱਸਿਆ ਕਿ ਧਮਕੀਆਂ ਕਾਰਨ ਉਹ ਆਪਣਾ ਜਨਮ ਸਥਾਨ ਛੱਡ ਕੇ ਭਾਰਤ ਆ ਗਏ ਹਨ। ਘਰ ਵਿਚ ਇਕੱਲੀ ਮਾਂ ਰਹਿ ਗਈ ਹੈ ਜਿਸ ਦੀ ਚਿੰਤਾ ਲੱਗੀ ਰਹਿੰਦੀ ਹੈ। ਉਹ ਅਫ਼ਗਾਨਿਸਤਾਨ ਤੋਂ ਆਏ ਸਿੱਖਾਂ ਅਤੇ ਹਿੰਦੂਆਂ ਦੇ ਜੱਥੇ ਦੇ ਨਾਲ ਆਏ ਹਨ ਜੋ ਉਨ੍ਹਾਂ ਦੀ ਤਰ੍ਹਾਂ ਭੈਭੀਤ ਹਨ।

ਸਿੱਖ ਅਤੇ ਹਿੰਦੂ ਅਲੱਗ ਧਰਮਾਂ ਨੂੰ ਮੰਨਣ ਵਾਲੇ ਭਾਈਚਾਰੇ ਹਨ। ਉਨ੍ਹਾਂ ਦਾ ਪੂਜਾ ਅਸਥਾਨ ਅਤੇ ਧਰਮ ਗ੍ੰਥ ਅਲੱਗ ਹਨ ਪ੍ਰੰਤੂ ਅਫ਼ਗਾਨਿਸਤਾਨ ਵਿਚ ਉਹ ਆਪਣੇ ਮੰਦਰ ਅਤੇ ਗੁਰਦੁਆਰੇ ਸਾਂਝਾ ਕਰਦੇ ਹਨ। ਨਾਲ ਉੱਠਦੇ ਬੈਠਦੇ ਅਤੇ ਪੂਜਾ ਕਰਦੇ ਹਨ। ਇਕ ਦੂਜੇ ਦੇ ਦੁੱਖ-ਸੱੁਖ ਵਿਚ ਨਾਲ ਹੁੰਦੇ ਹਨ। ਚੁਣੌਤੀਪੂਰਣ ਹਾਲਾਤ ਨੇ ਉਨ੍ਹਾਂ ਵਿਚਕਾਰ ਭੇਦ ਖ਼ਤਮ ਕਰ ਦਿੱਤੇ ਹਨ। ਦਹਾਕਿਆਂ ਤੋਂ ਭੇਦਭਾਵ ਝੱਲ ਰਹੇ ਇਨ੍ਹਾਂ ਭਾਈਚਾਰਿਆਂ ਨੂੰ ਕਿਸੇ ਸਰਕਾਰ ਤੋਂ ਸਹਾਇਤਾ ਨਹੀਂ ਮਿਲਦੀ। ਕੋਈ ਵੀ ਸਰਕਾਰ ਅਤੇ ਉਨ੍ਹਾਂ ਦਾ ਸਰਕਾਰੀ ਅਮਲਾ ਇਨ੍ਹਾਂ ਘੱਟ ਗਿਣਤੀਆਂ ਦੀਆਂ ਮੁਸ਼ਕਲਾਂ ਨਹਂੀਂ ਸੁਣਦਾ। ਇਸੇ ਦਾ ਨਤੀਜਾ ਹੈ ਕਿ ਹੁਣ ਇੱਥੋਂ ਵੱਡੇ ਪੈਮਾਨੇ 'ਤੇ ਹਿਜਰਤ ਹੋ ਰਹੀ ਹੈ।