ਯੇਰੂਸ਼ਲਮ (ਏਜੰਸੀਆਂ) : ਜਾਰਡਨ ਦੇ ਸਿਆਸੀ ਸੰਕਟ 'ਤੇ ਮੰਗਲਵਾਰ ਨੂੰ ਇਕ ਨਵੀਂ ਆਡੀਓ ਰਿਕਾਰਡਿੰਗ ਸਾਹਮਣੇ ਆਈ ਜੋ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਅਧਿਕਾਰੀਆਂ ਨੇ ਆਲੋਚਕਾਂ ਨਾਲ ਬੈਠਕ ਕਰਨ ਬਾਰੇ ਸਾਬਕਾ ਕ੍ਰਾਊਨ ਪਿ੍ਰੰਸ ਹਮਜਾ ਦਾ ਮੂੰਹ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਸ ਆਡੀਓ ਨਾਲ ਇਹ ਦਾਅਵਾ ਵੀ ਕਮਜ਼ੋਰ ਹੋਇਆ ਹੈ ਕਿ ਹਮਜਾ ਪੱਛਮ ਦੇ ਸਮਰਥਨ ਵਾਲੇ ਸ਼ਾਸਨ ਨੂੰ ਅਸਥਿਰ ਕਰਨ ਲਈ ਵਿਦੇਸ਼ੀ ਸਾਜ਼ਿਸ਼ 'ਚ ਸ਼ਾਮਲ ਸਨ।

ਅਜਿਹਾ ਲੱਗਦਾ ਹੈ ਕਿ ਇਸ ਆਡੀਓ 'ਚ ਪਿ੍ਰੰਸ ਹਮਜਾ ਤੇ ਫ਼ੌਜ ਮੁਖੀ ਵਿਚਾਲੇ ਵਿਸਫੋਟਕ ਬੈਠਕ ਦੀ ਗੱਲਬਾਤ ਰਿਕਾਰਡ ਕੀਤੀ ਗਈ ਹੈ। ਇਸ ਬੈਠਕ ਤੋਂ ਬਾਅਦ ਸ਼ਾਹੀ ਪਰਿਵਾਰ ਦੇ ਮੈਂਬਰਾਂ ਵਿਚਾਲੇ ਮਤਭੇਦ ਖੁੱਲ੍ਹ ਕੇ ਸਾਹਮਣੇ ਆ ਗਏ ਸਨ। ਇਸ ਬੈਠਕ ਨਾਲ ਹਮਜਾ ਤੇ ਸੁਰੱਖਿਆ ਪ੍ਰਣਾਲੀ ਵਿਚਾਲੇ ਡੂੰਘੇ ਤਣਾਅ ਦਾ ਵੀ ਸੰਕੇਤ ਮਿਲਿਆ ਹੈ ਜਿਸ ਨਾਲ ਰਾਜਾ ਅਬਦੁੱਲਾ (ਦੂਜੇ) ਅਤੇ ਉਨ੍ਹਾਂ ਦੇ ਮਤਰੇਏ ਭਰਾ ਵਿਚਾਲੇ ਟਕਰਾਅ ਨੂੰ ਸ਼ਾਇਦ ਬਲ ਮਿਲਿਆ।

ਇਹ ਰਿਕਾਰਡਿੰਗ ਸ਼ਨਿਚਰਵਾਰ ਨੂੰ ਕੀਤੀ ਗਈ ਸੀ ਤੇ ਇਹ ਉਦੋਂ ਸਾਹਮਣੇ ਆਈ ਜਦੋਂ ਰਾਜ ਮਹਿਲ ਤੇ ਯੁਵਰਾਜ ਹਮਜਾ ਦੇ ਨਜ਼ਦੀਕੀ ਵਿਚੋਲੇ ਨੇ ਕਿਹਾ ਕਿ ਸ਼ਾਹੀ ਪਰਿਵਾਰ ਸੰਕਟ ਦੇ ਹੱਲ ਦੀ ਪ੍ਰਕਿਰਿਆ 'ਚ ਜੁਟਿਆ ਹੈ। ਫ਼ੌਜ ਮੁਖੀ ਜਨਰਲ ਯੁਸੂਫ ਹੁਨੀਤੀ ਸ਼ਨਿਚਰਵਾਰ ਨੂੰ ਯੁਵਰਾਜ ਦੇ ਮਹਿਲ 'ਚ ਉਨ੍ਹਾਂ ਨੰੂ ਇਹ ਦੱਸਣ ਗਏ ਸਨ ਕਿ ਉਨ੍ਹਾਂ ਨੰੂ ਨਜ਼ਰਬੰਦ ਕੀਤਾ ਜਾ ਰਿਹਾ ਹੈ। ਰਿਕਾਰਡਿੰਗ 'ਚ ਫ਼ੌਜ ਮੁਖੀ ਇਹ ਕਹਿੰਦੇ ਹੋਏ ਸੁਣੇ ਜਾ ਸਕਦੇ ਹਨ ਕਿ ਹਮਜਾ ਨੂੰ ਉਨ੍ਹਾਂ ਲੋਕਾਂ ਨਾਲ ਬੈਠਕ ਕਰਨ ਲਈ ਸਜ਼ਾ ਦਿੱਤੀ ਜਾ ਰਹੀ ਹੈ ਜੋ ਜ਼ਰੂਰਤ ਤੋਂ ਵੱਧ ਬੋਲਣ ਲੱਗੇ ਹਨ। ਇਸ 'ਤੇ ਯੁਵਰਾਜ ਨਾਰਾਜ਼ ਹੋ ਜਾਂਦੇ ਹਨ ਤੇ ਦੋਸ਼ ਲਗਾਉਂਦੇ ਹਨ ਕਿ ਜਨਰਲ ਉਨ੍ਹਾਂ ਨੂੰ ਧਮਕੀ ਦੇ ਰਹੇ ਹਨ। ਆਡੀਓ 'ਚ ਯੁਵਰਾਜ ਕਹਿੰਦੇ ਹੋਏ ਨਜ਼ਰ ਆਉਂਦੇ ਹਨ ਕਿ ਉਨ੍ਹਾਂ ਨੂੰ ਰਾਜ ਪਰਿਵਾਰ ਦੇ ਕਿਸੇ ਮੈਂਬਰ ਨੂੰ ਹੁਕਮ ਦੇਣ ਦਾ ਅਧਿਕਾਰ ਨਹੀਂ ਹੈ।

ਜਾਰਡਨ ਦੇ ਵਿਦੇਸ਼ ਮੰਤਰੀ ਨੇ ਐਤਵਾਰ ਨੂੰ ਯੁਵਰਾਜ ਹਮਜਾ 'ਤੇ ਗਲਤ ਭਾਵਨਾ ਨਾਲ ਵਿਦੇਸ਼ੀ ਤੱਤਾਂ ਨਾਲ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਸੀ ਤੇ ਕਿਹਾ ਸੀ ਕਿ ਇਸ ਨਾਲ ਕੌਮੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਗਿਆ। ਵਿਦੇਸ਼ ਮੰਤਰੀ ਅਯਮਾਨ ਸਫਾਦੀ ਨੇ ਕਿਹਾ ਸੀ ਕਿ ਸਾਜ਼ਿਸ਼ ਨਾਕਾਮ ਕਰ ਦਿੱਤੀ ਗਈ।

ਜਾਰਡਨ ਨੇ ਸ਼ਾਹੀ ਪਰਿਵਾਰ 'ਚ ਦੂਰੀਆਂ ਦੀ ਮੀਡੀਆ ਕਵਰੇਜ 'ਤੇ ਲਗਾਈ ਰੋਕ

ਜਾਰਡਨ ਨੇ ਸ਼ਾਹੀ ਪਰਿਵਾਰ 'ਚ ਵੱਧ ਰਹੀਆਂ ਦੂਰੀਆਂ ਨਾਲ ਸਬੰਧਤ ਹਰ ਤਰ੍ਹਾਂ ਦੀ ਮੀਡੀਆ ਕਵਰੇਜ 'ਤੇ ਰੋਕ ਲਗਾ ਦਿੱਤੀ ਹੈ। ਇਸ ਤਹਿਤ ਸਾਰੇ ਮੀਡੀਆ ਸੰਗਠਨਾਂ ਤੇ ਇੰਟਰਨੈੱਟ ਮੀਡੀਆ ਯੂਜ਼ਰਸ 'ਤੇ ਕਿੰਗ ਅਬਦੁੱਲਾ ਤੇ ਪਿ੍ਰੰਸ ਹਮਜਾ ਸਬੰਧੀ ਖ਼ਬਰਾਂ ਦੇ ਪ੍ਰਕਾਸ਼ਨ 'ਤੇ ਰੋਕ ਰਹੇਗੀ। ਸਰਕਾਰੀ ਨਿਊਜ਼ ਏਜੰਸੀ ਨੇ ਖ਼ਬਰ ਦਿੱਤੀ ਹੈ ਕਿ ਸੁਰੱਖਿਆ ਏਜੰਸੀਆਂ ਵੱਲੋਂ ਪਿ੍ਰੰਸ ਹਮਜਾ ਤੇ ਹੋਰ ਲੋਕਾਂ ਨਾਲ ਜੁੜੀ ਗੁਪਤ ਪ੍ਰਕਿਰਿਆ ਨੂੰ ਪੱਕਾ ਕਰਨ ਲਈ ਸਰਕਾਰੀ ਵਕੀਲ ਨੇ ਇਸ ਮਾਮਲੇ 'ਚ ਖ਼ਬਰਾਂ ਦੇ ਪ੍ਰਕਾਸ਼ਨ 'ਤੇ ਰੋਕ ਲਗਾਉਣ ਦਾ ਫ਼ੈਸਲਾ ਕੀਤਾ ਹੈ।