ਗਲਾਸਗੋ (ਏਜੰਸੀ) : ਸਕਾਟਲੈਂਡ ਵਿਚ ਸਕਾਟਿਸ਼ ਪਾਰਲੀਮੈਂਟ ਚੋਣਾਂ ਦੀ ਗਹਿਮਾ ਗਹਿਮੀ ਨੇ ਗਰਮਾਹਟ ਲਿਆਂਦੀ ਹੋਈ ਹੈ। ਇਨ੍ਹਾਂ ਚੋਣਾਂ ਵਿਚ ਸਿੱਖ ਭਾਈਚਾਰੇ ਸਿਰ ਇਕ ਤਾਜ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਪੈਮ ਗੋਸਲ ਦੀ ਜਿੱਤ ਨਾਲ ਸਜਿਆ ਹੈ। ਪੈਮ ਗੋਸਲ ਵੱਲੋਂ ਕਲਾਈਡਬੈਂਕ ਐਂਡ ਮਿਲਗਵੀ ਇਲਾਕੇ ਤੋਂ ਜਿੱਤ ਹਾਸਲ ਕਰਨ ਤੋਂ ਬਾਅਦ ਉਹ ਸਕਾਟਲੈਂਡ ਵਿਚ ਹੁਣ ਤਕ ਦੀ ਪਹਿਲੀ ਸਿੱਖ ਔਰਤ ਵਜੋਂ ਇਤਿਹਾਸ ਵਿਚ ਆਪਣਾ ਨਾਂ ਦਰਜ ਕਰਵਾਉਣ ਵਿਚ ਸਫਲ ਹੋਈ ਹੈ ਜਿਸ ਨੇ ਸਕਾਟਿਸ਼ ਪਾਰਲੀਮੈਂਟ ਮੈਂਬਰ ਬਣਨ ਦਾ ਮਾਣ ਹਾਸਲ ਕੀਤਾ ਹੈ।

ਪੈਮ ਗੋਸਲ ਦਾ ਜਨਮ ਗਲਾਸਗੋ ਵਿਚ ਹੋਇਆ ਸੀ ਅਤੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਸਕਾਟਲੈਂਡ ਵਿਚ ਹੀ ਗੁਜ਼ਾਰਿਆ। ਉਨ੍ਹਾਂ ਨੇ ਰਾਜਨੀਤੀ ਦੀ ਦੁਨੀਆ ਵਿਚ ਕਦਮ ਉਸ ਵੇਲੇ ਰੱਖਿਆ ਜਦੋਂ ਉਹ ਸਕਾਟਿਸ਼ ਕੰਜ਼ਰਵੇਟਿਵ ਅਤੇ ਯੂਨੀਅਨਿਸਟ ਪਾਰਟੀ ਲਈ 2019 ਦੀਆਂ ਆਮ ਚੋਣਾਂ ਵਿਚ ਈਸਟ ਡਨਬਰਟਨਸਾਇਰ ਲਈ ਸੰਸਦ ਉਮੀਦਵਾਰ ਵਜੋਂ ਖੜ੍ਹੇ ਹੋਏ ਸਨ। ਪੈਮ ਨੇ ਸਕਾਟਲੈਂਡ ਅਤੇ ਇੰਗਲੈਂਡ ਦੋਵਾਂ ਵਿਚ ਆਰਥਿਕ ਵਿਕਾਸ, ਅੰਦਰੂਨੀ ਨਿਵੇਸ਼, ਕਾਰੋਬਾਰ, ਸਭਿਆਚਾਰਕ, ਕਾਨੂੰਨੀ ਅਤੇ ਨਿਯਮਤ ਨੀਤੀਆਂ 'ਤੇ ਕੰਮ ਕਰਦਿਆਂ ਜਨਤਕ, ਨਿਜੀ ਅਤੇ ਸਵੈਇੱਛੁਕ ਖੇਤਰਾਂ ਵਿਚ ਤੀਹ ਸਾਲਾਂ ਦੌਰਾਨ ਗਿਆਨ ਅਤੇ ਤਜਰਬਾ ਇਕੱਠਾ ਕੀਤਾ ਹੈ।

ਪੈਮ ਦਾ ਕੰਮ ਕਾਰੋਬਾਰਾਂ ਦਾ ਸਮਰਥਨ ਕਰਨ ਅਤੇ ਮਹੱਤਵਪੂਰਨ ਅੰਦਰੂਨੀ ਨਿਵੇਸ਼ ਪ੍ਰਰਾਜੈਕਟਾਂ ਦਾ ਖੇਤਰ ਰਿਹਾ ਹੈ। ਪੈਮ ਨੇ ਉਪਭੋਗਤਾ ਕਾਨੂੰਨ ਵਿਚ ਬੀਏ, ਐੱਮਬੀਏ ਅਤੇ ਇਸ ਸਮੇਂ ਉਹ ਪੀਐੱਚਡੀ ਕਰ ਰਹੇ ਹਨ। ਪੈਮ ਅੌਰਤਾਂ ਦਾ ਸਮਰਥਨ ਕਰਨ ਲਈ ਹਮੇਸ਼ਾ ਤਤਪਰ ਰਹੇ ਹਨ ਅਤੇ ਉਨ੍ਹਾਂ ਨੂੰ 2015 ਦਾ ਮਹਿਲਾ ਲੀਡਰ ਬਿਜ਼ਨਸ ਐਵਾਰਡ ਅਤੇ 2018 ਪਬਲਿਕ ਸਰਵਿਸ ਐਵਾਰਡ ਵੀ ਮਿਲਿਆ ਹੈ। ਪੈਮ ਸਕਾਟਲੈਂਡ ਦੇ ਕੰਜ਼ਰਵੇਟਿਵ ਮਹਿਲਾ ਸੰਗਠਨ (ਸੀ ਡਬਲਯੂ ਓ) ਦੀ ਡਿਪਟੀ ਚੇਅਰਪਰਸਨ ਹੈ ਜੋ ਕੰਜ਼ਰਵੇਟਿਵ ਪੁਰਸ਼ਾਂ ਅਤੇ ਔਰਤਾਂ ਦਾ ਇਕ ਰਾਸ਼ਟਰੀ ਸਮੂਹ ਹੈ ਅਤੇ ਉਹ ਔਰਤਾਂ ਨੂੰ ਪਾਰਟੀ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ, ਸਹਾਇਤਾ ਕਰਨ ਵਿਚ ਸਰਗਰਮੀ ਨਾਲ ਕੰਮ ਕਰ ਰਹੀ ਹੈ।

ਉਹ ਕੰਜ਼ਰਵੇਟਿਵ ਫ੍ਰੈਂਡਜ਼ ਆਫ ਇੰਡੀਆ ਸਕਾਟਲੈਂਡ (ਸੀਐੱਫਆਈਐੱਸ) ਦੀ ਡਾਇਰੈਕਟਰ ਵੀ ਹੈ। ਇਹ ਸੰਗਠਨ ਸਕਾਟਲੈਂਡ ਵਿਚ ਕੰਜ਼ਰਵੇਟਿਵ ਪਾਰਟੀ ਅਤੇ ਬਿ੍ਟਿਸ਼ ਇੰਡੀਅਨ ਕਮਿਊਨਿਟੀ ਵਿਚਾਲੇ ਮਜ਼ਬੂਤ ਸਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਪੈਮ ਨੂੰ ਪੱਕਾ ਵਿਸ਼ਵਾਸ ਹੈ ਕਿ ਉਹ ਬਿ੍ਟਿਸ਼, ਸਕਾਟਿਸ ਅਤੇ ਬੀਏਐੱਮ ਔਰਤਾਂ ਲਈ ਸਕਾਟਲੈਂਡ ਦੇ ਕੰਜ਼ਰਵੇਟਿਵ ਅਤੇ ਯੂਨੀਅਨਿਸਟ ਐਡਵੋਕੇਟ ਵਜੋਂ ਆਪਣੇ ਰਾਜਨੀਤਿਕ ਕੈਰੀਅਰ ਵਿਚ ਨਵੀਆਂ ਪੈੜਾਂ ਪਾਵੇਗੀ।