ਜਨੇਵਾ (ਰਾਇਟਰ) : ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਮੁਖੀ ਮਿਸ਼ੇਲ ਬਾਚੇਲੇਤ ਲਈ ਸ਼ਿਨਜਿਆਂਗ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹੋਏ ਹਨ। ਉਨ੍ਹਾਂ ਦੇ ਦੌਰਿਆਂ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਪਰ ਮਿਸ਼ੇਲ ਦਾ ਦੌਰਾ ਉਸ ਦੀਆਂ ਨੀਤੀਆਂ ਦੀ ਨਿੰਦਾ ਕਰਨ ਦੇ ਇਰਾਦੇ ਨਾਲ ਨਹੀਂ ਹੋਣਾ ਚਾਹੀਦਾ। ਮਿਸ਼ੇਲ ਨੇ ਬੀਤੀ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਚੀਨ ਦੇ ਸ਼ਿਨਜਿਆਂਗ ਖੇਤਰ 'ਚ ਲੋਕਾਂ ਨੂੰ ਮਨਮਰਜ਼ੀ ਵਾਲੇ ਢੰਗ ਨਾਲ ਹਿਰਾਸਤ 'ਚ ਰੱਖਣ, ਮਾੜਾ ਸਲੂਕ, ਜਿਨਸੀ ਹਿੰਸਾ ਤੇ ਬੰਧੂਆਂ ਮਜ਼ਦੂਰੀ ਕਰਵਾਉਣ ਦੀਆਂ ਖ਼ਬਰਾਂ ਆ ਰਹੀਆਂ ਹਨ। ਇਥੋਂ ਦੇ ਹਾਲਾਤ ਦਾ ਨਿਰਪੱਖ ਮੁਲਾਂਕਣ ਹੋਣਾ ਚਾਹੀਦਾ।

ਚੀਨੀ ਵਫ਼ਦ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ (ਯੂਐੱਨਚਐੱਚਆਰਸੀ) ਨੂੰ ਕਿਹਾ, 'ਸ਼ਿਨਜਿਆਂਗ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹੋਏ ਹਨ ਤੇ ਅਸੀਂ ਇਸ ਖੇਤਰ ਦੇ ਦੌਰੇ ਲਈ ਹਾਈ ਕਮਿਸ਼ਨਰ (ਮਿਸ਼ੇਲ) ਦਾ ਸਵਾਗਤ ਕਰਦੇ ਹਾਂ ਪਰ ਇਹ ਦੌਰਾ ਲੈਣ-ਦੇਣ ਤੇ ਸਹਿਯੋਗ ਦੀ ਜਗ੍ਹਾ ਕਥਿਤ ਜਾਂਚ ਦੇ ਨਾਂ 'ਤੇ ਨਹੀਂ ਹੋਣਾ ਚਾਹੀਦਾ।' ਚੀਨੀ ਵਫ਼ਦ ਦੇ ਮੁਖੀ ਜਿਆਂਗ ਡੁਆਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਸਿਆਸੀ ਮਨੁੱਖੀ ਅਧਿਕਾਰਾਂ ਤੇ ਆਪਣੇ ਮਾਮਲਿਆਂ 'ਚ ਦਖ਼ਲ ਦਾ ਵਿਰੋਧ ਕਰਦਾ ਹੈ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੇ ਇਸ ਮੰਚ 'ਤੇ ਆਸਟ੍ਰੇਲੀਆ, ਸਵੀਡਨ ਤੇ ਅਮਰੀਕਾ ਵੱਲੋਂ ਉਠਾਈਆਂ ਗਈਆਂ ਚਿੰਤਾਵਾਂ ਨੂੰ ਵੀ ਖ਼ਾਰਜ ਕਰ ਦਿੱਤਾ। ਜਿਆਂਗ ਨੇ ਕਿਹਾ, 'ਅਸੀਂ ਪਾਇਆ ਕਿ ਹਾਈ ਕਮਿਸ਼ਨ ਨੇ ਗ਼ਲਤ ਸੂਚਨਾਵਾਂ ਤੇ ਸਿਆਸੀ ਦਬਾਅ ਕਾਰਨ ਚੀਨ ਖ਼ਿਲਾਫ਼ ਦੋਸ਼ ਲਾਏ।' ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਸ਼ਿਨਜਿਆਂਗ ਤੇ ਤਿੱਬਤ 'ਚ ਸਾਰੇ ਫਿਰਕਿਆਂ ਦੇ ਲੋਕ ਰਲ-ਮਿਲ ਕੇ ਰਹਿੰਦੇ ਹਨ ਤੇ ਉਨ੍ਹਾਂ ਨੂੰ ਵਿਆਪਕ ਆਜ਼ਾਦੀ ਮਿਲੀ ਹੋਈ ਹੈ। ਜ਼ਿਕਰਯੋਗ ਹੈ ਕਿ ਚੀਨ ਦੇ ਸ਼ਿਨਜਿਆਂਗ ਖੇਤਰ 'ਚ ਵੱਡੀ ਗਿਣਤੀ 'ਚ ਉਈਗਰ ਮੁਸਲਮਾਨ ਰਹਿੰਦੇ ਹਨ। ਇਨ੍ਹਾਂ ਦੀ ਧਾਰਮਿਕ ਆਜ਼ਾਦੀ 'ਤੇ ਸਖਤੀ ਨਾਲ ਇਨ੍ਹਾਂ 'ਤੇ ਹਰੇਕ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ ਹਨ। ਇਥੇ ਲੱਖਾਂ ਦੀ ਗਿਣਤੀ 'ਚ ਉਈਗਰਾਂ ਸਮੇਤ ਘੱਟ ਗਿਣਤੀ ਫਿਰਕਿਆਂ ਦੇ ਲੋਕਾਂ ਨੂੰ ਹਿਰਾਸਤ 'ਚ ਰੱਖਿਆ ਗਿਆ ਹੈ। ਇਨ੍ਹਾਂ 'ਤੇ ਅੱਤਿਆਚਾਰ ਦੀਆਂ ਖ਼ਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ।

Posted By: Susheel Khanna