ਰੋਮ (ਆਈਏਐੱਨਐੱਸ) : ਕੋਰੋਨਾ ਵਾਇਰਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਇਟਲੀ 'ਚ ਬਰਗਾਮੋ ਸ਼ਹਿਰ ਮਹਾਮਾਰੀ ਦਾ ਕੇਂਦਰ ਬਣ ਗਿਆ ਹੈ। ਇਸ ਸ਼ਹਿਰ ਵਿਚ ਵਾਇਰਸ ਦੇ ਬੇਕਾਬੂ ਹੋਣ ਦਾ ਇਕ ਅਹਿਮ ਕਾਰਨ ਪਤਾ ਚੱਲਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਐਟਲਾਂਟਾ ਅਤੇ ਵੇਲੈਂਸੀਆ ਵਿਚਕਾਰ ਸੈਨ ਸਿਰੋ ਸਟੇਡੀਅਮ ਵਿਚ ਖੇਡੇ ਗਏ ਫੁੱਟਬਾਲ ਮੈਚ ਕਾਰਨ ਸਵਾ ਲੱਖ ਦੀ ਆਬਾਦੀ ਵਾਲੇ ਬਰਗਾਮੋ ਵਿਚ ਵਾਇਰਸ ਤੇਜ਼ੀ ਨਾਲ ਫੈਲ ਗਿਆ। ਇਹ ਮੈਚ ਫਰਵਰੀ ਵਿਚ ਇਟਲੀ ਵਿਚ ਸਥਾਨਕ ਪੱਧਰ 'ਤੇ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਦੋ ਦਿਨ ਪਹਿਲੇ ਖੇਡਿਆ ਗਿਆ ਸੀ। ਮੈਚ ਦੌਰਾਨ ਸਟੇਡੀਅਮ ਵਿਚ 45 ਹਜ਼ਾਰ 792 ਦਰਸ਼ਕ ਮੌਜੂਦ ਸਨ। ਇਸ ਯੂਰਪੀ ਦੇਸ਼ ਵਿਚ ਹੁਣ ਤਕ ਕਰੀਬ 75 ਹਜ਼ਾਰ ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਹਨ ਅਤੇ ਸਾਢੇ ਸੱਤ ਹਜ਼ਾਰ ਤੋਂ ਜ਼ਿਆਦਾ ਦੀ ਮੌਤ ਹੋ ਚੁੱਕੀ ਹੈ।

ਉੱਤਰੀ ਇਟਲੀ ਦੇ ਮਿਲਾਨ ਸ਼ਹਿਰ ਤੋਂ ਕਰੀਬ 60 ਕਿਲੋਮੀਟਰ ਦੂਰ ਸਥਿਤ ਬਰਗਾਮੋ ਵਿਚ ਸਭ ਤੋਂ ਜ਼ਿਆਦਾ ਪੀੜਤ ਦੱਸੇ ਜਾ ਰਹੇ ਹਨ। ਸ਼ਹਿਰ ਵਿਚ ਵਿਗੜਦੇ ਹਾਲਾਤ ਨਾਲ ਨਿਪਟਣ ਲਈ ਫ਼ੌਜ ਤਾਇਨਾਤ ਕੀਤੀ ਗਈ ਹੈ। ਬਰਗਾਮੋ ਦੇ ਮੇਅਰ ਜਾਰਜੀਓ ਗੋਰੀ ਨੇ ਇਕ ਫੇਸਬੁੱਕ ਚੈਟ ਵਿਚ ਕਿਹਾ ਕਿ ਇਹ ਮੱਧ ਫਰਵਰੀ ਦਾ ਸਮਾਂ ਸੀ ਜਦੋਂ ਅਸੀਂ ਹਾਲਾਤ ਦੇ ਬਾਰੇ ਵਿਚ ਕੁਝ ਨਹੀਂ ਜਾਣਦੇ ਸੀ ਕਿ ਕੀ ਹੋ ਰਿਹਾ ਹੈ? ਜੇਕਰ ਇਹ ਸੱਚ ਹੈ ਕਿ ਯੂਰਪ ਵਿਚ ਜਨਵਰੀ ਵਿਚ ਹੀ ਵਾਇਰਸ ਪੁੱਜ ਗਿਆ ਸੀ ਤਾਂ ਇਸ ਦੀ ਪੂਰੀ ਸੰਭਾਵਨਾ ਹੈ ਕਿ ਸੈਨ ਸਿਰੋ ਵਿਚ ਮੈਚ ਦੇਖਣ ਵਾਲੇ ਕਰੀਬ 45 ਹਜ਼ਾਰ ਬਰਗਾਮੋ ਵਾਸੀ ਵੀ ਕੋਰੋਨਾ ਦੇ ਵਾਇਰਸ ਤੋਂ ਪ੍ਰਭਾਵਿਤ ਹੋਏ ਹੋਣਗੇ। ਇਹ ਵੀ ਸੰਭਵ ਹੋ ਸਕਦਾ ਹੈ ਕਿ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਘਰਾਂ ਅਤੇ ਬਾਰ ਵਿਚ ਇਕੱਠੇ ਮੈਚ ਦੇਖਣ ਲਈ ਜਮ੍ਹਾਂ ਹੋਏ ਸਨ। ਇਸ ਕਾਰਨ ਉਨ੍ਹਾਂ ਵਿਚ ਵੀ ਇਕ-ਦੂਜੇ ਤੋਂ ਵਾਇਰਸ ਫੈਲ ਸਕਦਾ ਹੈ।