ਜਨੇਵਾ (ਪੀਟੀਆਈ) : ਅੱਤਵਾਦ ਮਨੁੱਖਤਾ ਲਈ ਸਭ ਤੋਂ ਵੱਡੇ ਖ਼ਤਰਿਆਂ 'ਚੋਂ ਇਕ ਹੈ। ਇਸ ਨੂੰ ਕਿਸੇ ਰੂਪ 'ਚ ਸਹੀ ਨਹੀਂ ਠਹਿਰਾਇਆ ਜਾ ਸਕਦਾ ਹੈ ਤੇ ਨਾ ਹੀ ਅਪਰਾਧੀਆਂ ਨੂੰ ਪੀੜਤ ਵਜੋਂ ਪੇਸ਼ ਕੀਤਾ ਜਾ ਸਕਦਾ ਹੈ। ਇਹ ਗੱਲ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮਨੁੱਖੀ ਅਧਿਕਾਰ ਕੌਂਸਲ ਦੇ 46ਵੇਂ ਇਜਲਾਸ ਨੂੰ ਆਨਲਾਈਨ ਸੰਬੋਧਨ ਕਰਦਿਆਂ ਕਹੀ।

ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ, ਅੱਤਵਾਦ ਮਨੁੱਖਤਾ ਖ਼ਿਲਾਫ਼ ਅਪਰਾਧ ਹੈ। ਇਹ ਮਨੁੱਖ ਦੇ ਸਭ ਤੋਂ ਮੁੱਖ ਜਿਊਣ ਦੇ ਅਧਿਕਾਰ ਨੂੰ ਖ਼ਤਮ ਕਰਦਾ ਹੈ। ਇਸ ਸਮੇਂ ਦੁਨੀਆ 'ਚ ਜੋ ਹਾਲਾਤ ਹਨ ਉਨ੍ਹਾਂ 'ਚ ਇਹ ਮਨੁੱਖਤਾ ਲਈ ਸਭ ਤੋਂ ਵੱਡੇ ਖ਼ਤਰਿਆਂ 'ਚ ਸ਼ਾਮਲ ਹੋ ਗਿਆ ਹੈ। ਭਾਰਤ ਅੱਤਵਾਦ ਤੋਂ ਸਭ ਤੋਂ ਜ਼ਿਆਦਾ ਪੀੜਤ ਦੇਸ਼ਾਂ 'ਚ ਸ਼ਾਮਲ ਹੈ। ਇਹ ਅੱਤਵਾਦ ਖ਼ਿਲਾਫ਼ ਇਕਜੁੱਟ ਕੌਮਾਂਤਰੀ ਕਾਰਵਾਈ ਦਾ ਹਮਾਇਤ ਹੈ। ਪਾਕਿਸਤਾਨ 'ਤੇ ਅਸਿੱਧਾ ਹਮਲਾ ਕਰਦਿਆਂ ਜੈਸ਼ੰਕਰ ਨੇ ਕਿਹਾ, ਅੱਤਵਾਦ ਦੀ ਹਮਾਇਤ ਨੂੰ ਕਿਸੇ ਵੀ ਬਹਾਨੇ ਨਾਲ ਸਹੀ ਨਹੀਂ ਠਹਿਰਾਇਆ ਜਾ ਸਕਦਾ। ਯਾਦ ਰਹੇ ਕਿ ਪਾਕਿਸਤਾਨ ਦਹਾਕਿਆਂ ਤੋਂ ਅੱਤਵਾਦੀਆਂ ਦੀ ਪਨਾਹਗਾਹ ਬਣਿਆ ਹੋਇਆ ਹੈ। ਉਥੋਂ ਦੀ ਸਰਕਾਰ ਅੱਤਵਾਦ ਨੂੰ ਹਥਿਆਰ ਵਜੋਂ ਇਸਤੇਮਾਲ ਕਰ ਰਹੀ ਹੈ।

ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਨੇ ਜਨਵਰੀ 'ਚ ਸੰਯੁਕਤ ਰਾਸ਼ਟਰ 'ਚ ਅੱਤਵਾਦ ਨਾਲ ਮੁਕਾਬਲੇ ਲਈ ਅੱਠ ਬਿੰਦੂਆਂ ਦੀ ਕਾਰਜ ਯੋਜਨਾ ਪੇਸ਼ ਕੀਤੀ ਸੀ। ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਮੈਂਬਰ ਦੇਸ਼ ਤੇ ਬਾਕੀ ਦੇ ਦੇਸ਼ ਰਲ ਕੇ ਇਸ ਕਾਰਜ ਯੋਜਨਾ 'ਤੇ ਕੰਮ ਕਰ ਸਕਦੇ ਹਨ ਤੇ ਅੱਤਵਾਦ 'ਤੇ ਕਾਬੂ ਪਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਅੱਤਵਾਦ ਨਾਲ ਮਨੁੱਖੀ ਅਧਿਕਾਰਾਂ ਨੂੰ ਗੰਭੀਰ ਨੁਕਸਾਨ ਪੁੱਜਦਾ ਹੈ। ਅੱਤਵਾਦ ਦੇ ਮਾਹੌਲ 'ਚ ਲੋਕ ਆਪਣੇ ਮੁੱਢਲੇ ਅਧਿਕਾਰਾਂ ਨੂੰ ਭੁੱਲ ਜਾਂਦੇ ਹਨ ਤੇ ਜਿਵੇਂ ਕਿਵੇਂ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ 'ਚ ਲੱਗ ਜਾਂਦੇ ਹਨ। ਅੱਤਵਾਦ ਦੇ ਫੈਲਣ 'ਚ ਦੁਨੀਆ ਦੇ ਦੇਸ਼ਾਂ 'ਚ ਗ਼ੈਰ-ਬਰਾਬਰੀ ਹੋਣਾ ਤੇ ਹਥਿਆਰਬੰਦ ਸੰਘਰਸ਼ਾਂ ਦੀ ਵੱਡੀ ਭੂਮਿਕਾ ਹੈ। ਕੋਵਿਡ ਮਹਾਮਾਰੀ ਨੇ ਵੀ ਸਮੱਸਿਆਵਾਂ ਨੂੰ ਵਧਾਇਆ ਹੈ। ਇਸ ਦੇ ਮਾੜੇ ਨਤੀਜਿਆਂ ਨਾਲ ਅੱਤਵਾਦ ਨੂੰ ਮਜ਼ਬੂਤੀ ਮਿਲ ਸਕਦੀ ਹੈ। ਅਸੀਂ ਗ਼ੈਰ-ਬਰਾਬਰੀ ਤੇ ਗ਼ਰੀਬੀ ਦੂਰ ਕਰਨ ਦੇ ਯਤਨਾਂ 'ਚ ਰੁੱਝ ਗਏ ਹਨ, ਉਦੋਂ ਦੁਨੀਆ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ।

ਮਾਰੀਸ਼ਸ 'ਚ ਨਵੇਂ ਹਾਈ ਕਮਿਸ਼ਨ ਭਵਨ ਦਾ ਉਦਘਾਟਨ

ਇਸ ਤੋਂ ਪਹਿਲਾਂ ਮਾਰੀਸ਼ਸ ਦੀ ਰਾਜਧਾਨੀ ਪੋਰਟ ਲੁਇਸ 'ਚ ਵਿਦੇਸ਼ ਮੰਤਰੀ ਜੈਸ਼ੰਕਰ ਨੇ ਇਥੇ ਬਣੇ ਹਾਈ ਕਮਿਸ਼ਨ ਭਵਨ ਦਾ ਉਦਘਾਟਨ ਕੀਤਾ। ਇਹ ਭਵਨ ਪ੍ਰਦੂਸ਼ਣ ਕੰਟਰੋਲ ਦੇ ਮਾਪਦੰਡਾਂ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ। ਇਸ ਭਵਨ 'ਚ ਦਫ਼ਤਰ ਦੇ ਨਾਲ-ਨਾਲ ਰਿਹਾਇਸ਼ ਦੀ ਸਹੂਲਤ ਵੀ ਹੈ। ਉਦਘਾਟਨ ਸਮਾਗਮ 'ਚ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਤੇ ਵਿਦੇਸ਼ ਮੰਤਰੀ ਅਲੇਨ ਗਾਨੂੰ ਨੇ ਵੀ ਹਿੱਸਾ ਲਿਆ। ਜੈਸ਼ੰਕਰ ਨੇ ਪ੍ਰਰੋਗਰਾਮ 'ਚ ਮੌਜੂਦਗੀ ਲਈ ਦੋਵੇਂ ਸ਼ਖਸੀਅਤਾਂ ਦਾ ਧੰਨਵਾਦ ਪ੍ਰਗਟਾਇਆ। ਆਪਣੀ ਯਾਤਰਾ ਦੇ ਆਖ਼ਰੀ ਪੜਾਅ 'ਚ ਜੈਸ਼ੰਕਰ ਨੇ ਮਾਲਦੀਪ 'ਚ ਭਾਰਤੀ ਸਹਿਯੋਗ ਨਾਲ ਬਣੀਆਂ ਰਹੀਆਂ 950 ਰਿਹਾਇਸ਼ਾਂ ਦੇ ਨਿਰਮਾਣ ਦੇ ਪ੍ਰਰਾਜੈਕਟ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਨੇ ਮੈਟਰੋ ਟ੍ਰੇਨ 'ਚ ਵੀ ਯਾਤਰਾ ਕੀਤੀ, ਜੋ ਭਾਰਤ ਦੇ ਸਹਿਯੋਗ ਨਾਲ ਚਲਾਈ ਗਈ ਹੈ।

Posted By: Susheel Khanna