ਰਾਘਵੇਂਦਰ ਸ਼ੁਕਲ, ਸੰਭਲ : ਅਫ਼ਗਾਨਿਸਤਾਨ 'ਚ ਮਾਰੇ ਗਏ ਅਲਕਾਇਦਾ ਮੁਖੀ ਆਸਿਮ ਉਮਰ ਨੂੰ ਲੈ ਕੇ ਖ਼ੁਫ਼ੀਆ ਏਜੰਸੀਆਂ ਨੇ ਆਪਣੀ ਰਿਪੋਰਟ ਭੇਜ ਦਿੱਤੀ ਹੈ। ਹਾਲੇ ਵੀ ਏਜੰਸੀਆਂ ਉੱਤਰ ਪ੍ਰਦੇਸ਼ ਦੇ ਸੰਭਲ ਵਿਚ ਸਰਗਰਮ ਹਨ। ਜਾਂਚ ਏਜੰਸੀਆਂ ਦੀ ਪਾਕਿਸਤਾਨ ਅਤੇ ਅਰਬ ਜਾਣ ਵਾਲੇ ਕੁਝ ਹੋਰਨਾਂ ਨੌਜਵਾਨਾਂ 'ਤੇ ਵੀ ਨਜ਼ਰ ਹੈ। ਇਸ ਤੋਂ ਇਲਾਵਾ ਖ਼ੁਫ਼ੀਆ ਏਜੰਸੀਆਂ ਅਜਿਹੇ ਲੋਕਾਂ ਦੇ ਨਾਂ ਵੀ ਤਲਾਸ਼ ਕਰ ਰਹੀ ਹੈ, ਜਿਹੜੇ ਸੰਭਲ ਤੋਂ ਬਾਹਰ ਗਏ ਹਨ ਅਤੇ 10-15 ਸਾਲ ਬਾਅਦ ਵੀ ਨਹੀਂ ਪਰਤੇ ਹਨ। ਪੁਲਿਸ ਉਨ੍ਹਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।

ਅਫ਼ਗਾਨਿਸਤਾਨ ਵਿਚ ਅਮਰੀਕੀ ਤੇ ਅਫ਼ਗਾਨੀ ਫ਼ੌਜ ਦੇ ਸਾਂਝੇ ਆਪ੍ਰਰੇਸ਼ਨ ਵਿਚ ਮਾਰੇ ਗਏ ਸੰਭਲ ਦੇ ਰਹਿਣ ਵਾਲੇ ਖੂੰਖਾਰ ਅੱਤਵਾਦੀ ਸਨਾਊਲ ਹੱਕ ਉਰਫ਼ ਆਸਿਮ ਉਮਰ ਨੂੰ ਲੈ ਕੇ ਖ਼ੁਫ਼ੀਆ ਏਜੰਸੀਆਂ ਨੇ ਦੂਜੇ ਦਿਨ ਵੀ ਇੱਥੇ ਡੇਰਾ ਲਾਇਆ ਹੋਇਆ ਸੀ। ਅਜਿਹੇ ਲੋਕਾਂ ਦੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਰਹੀ ਹੈ ਜਿਹੜੇ ਲੰਬੇ ਅਰਸੇ ਤੋਂ ਸੰਭਲ ਨਹੀਂ ਪਰਤੇ ਹਨ। ਇਸ ਤੋਂ ਇਲਾਵਾ ਅਰਬ ਅਤੇ ਪਾਕਿਸਤਾਨ ਜਾਣ ਵਾਲਿਆਂ ਦੇ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੀਆਂ ਸਰਗਰਮੀਆਂ ਦਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ। ਦੋਵੇਂ ਹੀ ਬਿੰਦੂਆਂ 'ਤੇ ਖ਼ੁਫ਼ੀਆ ਏਜੰਸੀਆਂ ਪੁਲਿਸ ਦੇ ਸਹਿਯੋਗ ਨਾਲ ਕੰਮ ਕਰ ਰਹੀਆਂ ਹਨ।