ਸਨਬਰੀ 'ਚ ਪਹਿਲੀ ਵਾਰ ਸਜਿਆ 'ਤੀਆਂ ਦਾ ਮੇਲਾ': ਪੰਜਾਬੀ ਵਿਰਸੇ ਦੇ ਰੰਗਾਂ ਨੇ ਮੋਹਿਆ ਸਭ ਦਾ ਮਨ, ਧੂਮਧਾਮ ਨਾਲ ਮਨਾਇਆ 'ਤੀਆਂ ਫੈਸਟੀਵਲ 2026' ਮੈਲਬੌਰਨ ਦੇ ਉੱਤਰੀ ਪੱਛਮੀ ਇਲਾਕੇ ਸਨਬਰੀ ਵਿੱਚ ਪਹਿਲੀ ਵਾਰ ਕਰਵਾਇਆ ਗਿਆ ‘ਸਨਬਰੀ ਤੀਆਂ ਫੈਸਟੀਵਲ 2026’ ਭਰਪੂਰ ਉਤਸ਼ਾਹ, ਰੌਣਕਾਂ ਅਤੇ ਪੰਜਾਬੀ ਸੱਭਿਆਚਾਰ ਦੇ ਰੰਗਾਂ ਨਾਲ ਯਾਦਗਾਰੀ ਹੋ ਨਿਬੜਿਆ। Diggers Rest Cultural and Sports Club ਦੇ ਸਹਿਯੋਗ ਨਾਲ ਰੇਣੂ ਸਮਰਾ, ਵਿੰਨੀ ਖੁਰਾਨਾ ਅਤੇ ਨਿਕ ਕਪਲੇਸ਼ ਵੱਲੋਂ ਸਨਬਰੀ ਮੈਮੋਰੀਅਲ ਹਾਲ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਪੰਜਾਬੀ ਵਿਰਸੇ ਨਾਲ ਸਬੰਧਤ ਵੱਖ ਵੱਖ ਸੱਭਿਆਚਾਰਕ ਵੰਨਗੀਆਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ ਜਿਸ ਨੇ ਹਾਜ਼ਰ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਤੀਆਂ ਦੇ ਇਸ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਪਰਿਵਾਰਾਂ ਨੇ ਸ਼ਮੂਲੀਅਤ ਕਰਕੇ ਸਮਾਗਮ ਦਾ ਖੂ
Publish Date: Thu, 16 Jul 2026 03:20 PM (IST)
Updated Date: Thu, 16 Jul 2026 03:22 PM (IST)
ਖੁਸ਼ਪ੍ਰੀਤ ਸਿੰਘ ਸੁਨਾਮ, ਪੰਜਾਬੀ ਜਾਗਰਣ, ਮੈਲਬੌਰਨ – ਮੈਲਬੌਰਨ ਦੇ ਉੱਤਰੀ ਪੱਛਮੀ ਇਲਾਕੇ ਸਨਬਰੀ ਵਿੱਚ ਪਹਿਲੀ ਵਾਰ ਕਰਵਾਇਆ ਗਿਆ ‘ਸਨਬਰੀ ਤੀਆਂ ਫੈਸਟੀਵਲ 2026’ ਭਰਪੂਰ ਉਤਸ਼ਾਹ, ਰੌਣਕਾਂ ਅਤੇ ਪੰਜਾਬੀ ਸੱਭਿਆਚਾਰ ਦੇ ਰੰਗਾਂ ਨਾਲ ਯਾਦਗਾਰੀ ਹੋ ਨਿਬੜਿਆ। Diggers Rest Cultural and Sports Club ਦੇ ਸਹਿਯੋਗ ਨਾਲ ਰੇਣੂ ਸਮਰਾ, ਵਿੰਨੀ ਖੁਰਾਨਾ ਅਤੇ ਨਿਕ ਕਪਲੇਸ਼ ਵੱਲੋਂ ਸਨਬਰੀ ਮੈਮੋਰੀਅਲ ਹਾਲ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਪੰਜਾਬੀ ਵਿਰਸੇ ਨਾਲ ਸਬੰਧਤ ਵੱਖ ਵੱਖ ਸੱਭਿਆਚਾਰਕ ਵੰਨਗੀਆਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ ਜਿਸ ਨੇ ਹਾਜ਼ਰ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਤੀਆਂ ਦੇ ਇਸ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਪਰਿਵਾਰਾਂ ਨੇ ਸ਼ਮੂਲੀਅਤ ਕਰਕੇ ਸਮਾਗਮ ਦਾ ਖੂਬ ਆਨੰਦ ਮਾਣਿਆ।
ਸਮਾਗਮ ਦੌਰਾਨ ਬੱਚਿਆਂ ਦੇ ਭੰਗੜੇ, ਬੀਬੀਆਂ ਅਤੇ ਬਜ਼ੁਰਗਾਂ ਦੇ ਗਿੱਧੇ, ਲੋਕ-ਗੀਤਾਂ ਅਤੇ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ। ਇਸ ਤੋਂ ਇਲਾਵਾ ਲਾਈਵ ਸੰਗੀਤ, ਮਹਿੰਦੀ, ਗਹਿਣਿਆਂ ਦੇ ਸਟਾਲ ਅਤੇ ਬੱਚਿਆਂ ਲਈ ਮਨੋਰੰਜਕ ਗਤੀਵਿਧੀਆਂ ਵੀ ਖ਼ਾਸ ਆਕਰਸ਼ਣ ਦਾ ਕੇਂਦਰ ਰਹੀਆਂ, ਜਿਨ੍ਹਾਂ ਨੇ ਪੂਰੇ ਸਮਾਗਮ ਨੂੰ ਮੇਲੇ ਦਾ ਰੂਪ ਦੇ ਦਿੱਤਾ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਮਾਨਸਿਕ ਸਿਹਤ ਕੌਂਸਲਰ ਡਾ. ਸ਼ਿਵਰਾਜ ਸਿੰਘ ਨੇ ਪ੍ਰਬੰਧਕਾਂ ਨੂੰ ਇਸ ਸਫਲ ਉਪਰਾਲੇ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸਮਾਗਮ ਨਾ ਸਿਰਫ਼ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਦੇ ਹਨ, ਸਗੋਂ ਭਾਈਚਾਰੇ ਨੂੰ ਆਪਸ ਵਿੱਚ ਜੋੜਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਦੀ ਮਹੱਤਤਾ ਉੱਤੇ ਵੀ ਚਾਨਣਾ ਪਾਇਆ। ਸਮਾਗਮ ਦਾ ਮੰਚ ਸੰਚਾਲਨ ਰੂਹੀ ਅਤੇ ਤਰਨਜੀਤ ਵੱਲੋਂ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ।
ਸਮਾਗਮ ਦੇ ਅੰਤ ਵਿੱਚ ਆਯੋਜਕਾਂ ਨੇ ਕਿਹਾ ਕਿ ਇਸ ਉਪਰਾਲੇ ਦਾ ਮੁੱਖ ਉਦੇਸ਼ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨਾ ਅਤੇ ਵਿਦੇਸ਼ਾਂ ਵਿੱਚ ਪਲ ਰਹੀ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ, ਰੀਤੀ ਰਿਵਾਜਾਂ ਅਤੇ ਸੱਭਿਆਚਾਰ ਨਾਲ ਜੋੜਨਾ ਹੈ। ਉਨ੍ਹਾਂ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਾਰੇ ਮਹਿਮਾਨਾਂ, ਸਪਾਂਸਰਾਂ, ਵਲੰਟੀਅਰਾਂ ਅਤੇ Leen Captures,The velvet Box ,ਅਤੇ Dj level Melbourne ਦਾ ਵਿਸ਼ੇਸ਼ ਧੰਨਵਾਦ ਕੀਤਾ।