ਕਾਬੁਲ (ਏਐੱਨਆਈ) : ਅਫ਼ਗਾਨ ਸਰਕਾਰ ਨੇ ਕਿਹਾ ਹੈ ਕਿ ਤਾਲਿਬਾਨ ਨੂੰ ਅਮਰੀਕਾ ਦਾ ਜੰਗਬੰਦੀ ਪ੍ਰਸਤਾਵ ਸਵੀਕਾਰ ਕਰ ਲੈਣਾ ਚਾਹੀਦਾ ਹੈ। ਜੇਕਰ ਉਹ ਅਜਿਹਾ ਕਰਦਾ ਹੈ ਤਾਂ ਇਸ ਨਾਲ ਅਫ਼ਗਾਨਿਸਤਾਨ ਸਰਕਾਰ ਨਾਲ ਉਸ ਦੀ ਗੱਲਬਾਤ ਦਾ ਰਾਹ ਖੁੱਲ੍ਹ ਜਾਏਗਾ। ਅਫ਼ਗਾਨ ਸਰਕਾਰ ਦਾ ਇਹ ਬਿਆਨ ਪਿਛਲੇ ਵੀਰਵਾਰ ਨੂੰ ਅਫ਼ਗਾਨਿਸਤਾਨ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਪਿੱਛੋਂ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਨੇ ਖੇਤਰ ਵਿਚ ਸ਼ਾਂਤੀ ਬਹਾਲੀ ਦੀ ਵਕਾਲਤ ਕੀਤੀ ਸੀ।

ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਬੁਲਾਰੇ ਸਾਦਿਕ ਸਿਦੀਕੀ ਨੇ ਐਤਵਾਰ ਨੂੰ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਤਾਲਿਬਾਨ ਅਮਰੀਕਾ ਦੇ ਜੰਗਬੰਦੀ ਦੇ ਪ੍ਰਸਤਾਵ ਨੂੰ ਮਨਜ਼ੂਰ ਕਰ ਲਵੇਗਾ। ਜੇਕਰ ਉਹ ਵਾਸਤਵ ਵਿਚ ਜੰਗਬੰਦੀ ਪ੍ਰਤੀ ਵਚਨਬੱਧ ਹੈ ਤਾਂ ਮੇਰੀ ਰਾਇ ਵਿਚ ਇਹ ਉਸ ਲਈ ਸਭ ਤੋਂ ਚੰਗਾ ਮੌਕਾ ਹੈ। ਵੀਰਵਾਰ ਨੂੰ ਅਫ਼ਗਾਨਿਸਤਾਨ ਦੀ ਆਪਣੀ ਪਹਿਲੀ ਯਾਤਰਾ ਵਿਚ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਹੋਣ ਵਾਲੇ ਸਮਝੌਤੇ ਵਿਚ ਤਾਲਿਬਾਨ ਵੱਲੋਂ ਜੰਗਬੰਦੀ ਦੀ ਸ਼ਰਤ ਸ਼ਾਮਲ ਹੈ। ਮੈਨੂੰ ਲੱਗਦਾ ਹੈ ਕਿ ਤਾਲਿਬਾਨ ਇਸ ਲਈ ਸਹਿਮਤ ਹੋਵੇਗਾ। ਤਾਲਿਬਾਨ ਸਮਝੌਤਾ ਕਰਨਾ ਚਾਹੁੰਦਾ ਹੈ ਅਤੇ ਅਸੀਂ ਉਨ੍ਹਾਂ ਨੂੰ ਮਿਲਣ ਵਾਲੇ ਹਾਂ। ਜਦੋਂ ਅਸੀਂ ਜੰਗਬੰਦੀ ਚਾਹੁੰਦੇ ਸੀ ਉਹ ਜੰਗਬੰਦੀ ਨਹੀਂ ਚਾਹੁੰਦੇ ਸਨ ਪ੍ਰੰਤੂ ਹੁਣ ਉਹ ਜੰਗਬੰਦੀ ਚਾਹੁੰਦੇ ਹਨ।

ਪਹਿਲੇ ਸਮਝੌਤਾ ਫਿਰ ਹੋਵੇਗਾ ਜੰਗਬੰਦੀ ਦਾ ਐਲਾਨ

ਤਾਲਿਬਾਨ ਦੇ ਸਾਬਕਾ ਮੈਂਬਰ ਮਾਵੋਲਾਨਾ ਜਲਾਲੂਦੀਨ ਸ਼ਿਨਵਾਰੀ ਨੇ ਕਿਹਾ ਹੈ ਕਿ ਤਾਲਿਬਾਨ ਤਦ ਤਕ ਜੰਗਬੰਦੀ ਸਮਝੌਤੇ 'ਤੇ ਸਹਿਮਤ ਨਹੀਂ ਹੋਵੇਗਾ ਜਦੋਂ ਤਕ ਉਹ ਅਮਰੀਕਾ ਨਾਲ ਸ਼ਾਂਤੀ ਸਮਝੌਤੇ 'ਤੇ ਦਸਤਖਤ ਨਹੀਂ ਕਰਦਾ। ਪਹਿਲੇ ਸਮਝੌਤੇ 'ਤੇ ਦਸਤਖਤ ਹੋਣਗੇ ਫਿਰ ਜੰਗਬੰਦੀ ਦਾ ਐਲਾਨ ਕੀਤਾ ਜਾਏਗਾ। ਸਮਝੌਤੇ 'ਤੇ ਦਸਤਖਤ ਰਾਹੀਂ ਤਾਲਿਬਾਨ ਅਮਰੀਕਾ ਤੋਂ ਵਿਸ਼ਵਾਸ ਬਹਾਲੀ ਦੀ ਗਾਰੰਟੀ ਚਾਹੁੰਦਾ ਹੈ।

Posted By: Rajnish Kaur