ਤਾਈਪੇ (ਏਐੱਨਆਈ) : ਸਾਈਬਰ ਹਮਲੇ ਕੌਮਾਂਤਰੀ ਪੱਧਰ 'ਤੇ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਕਈ ਦੇਸ਼ ਹੁਣ ਅਜਿਹੇ ਹਮਲਿਆਂ ਦਾ ਮੁਕਾਬਲਾ ਕਰਨ ਦੀ ਤਿਆਰੀ ਕਰ ਰਹੇ ਹਨ। ਤਾਇਵਾਨ ਇਨ੍ਹਾਂ ਤਿਆਰੀਆਂ 'ਚ ਸਭ ਤੋਂ ਅੱਗੇ ਹੈ। ਉਸ ਨੇ ਚੀਨੀ ਫ਼ੌਜ ਦੇ ਵਧਦੇ ਦਬਾਅ ਵਿਚਾਲੇ ਉਸ ਦੇ ਸਾਈਬਰ ਹਮਲਿਆਂ ਨਾਲ ਮੁਕਾਬਲਾ ਕਰਨ ਦੀ ਵੀ ਮਜ਼ਬੂਤੀ ਨਾਲ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਤਾਇਵਾਨ ਦੇ ਸਾਈਬਰ ਸੁਰੱਖਿਆ ਮੁਖੀ ਨੇ ਸੀਐੱਨਐੱਨ ਬਿਜਨਸ ਨੂੰ ਦੱਸਿਆ ਕਿ ਹਰ ਮਹੀਨੇ ਦੋ ਕਰੋੜ ਤੋਂ ਚਾਰ ਕਰੋੜ ਵਿਚਾਲੇ ਸਾਈਬਰ ਹਮਲੇ ਹੋ ਰਹੇ ਹਨ। ਇਨ੍ਹਾਂ ਨਾਲ ਮੁਕਾਬਲਾ ਕਰਨ ਲਈ ਦੋ ਦਰਜਨ ਤੋਂ ਜ਼ਿਆਦਾ ਮਾਹਰਾਂ ਦੀ ਤਾਇਨਾਤੀ ਕੀਤੀ ਗਈ ਹੈ ਜੋ ਇਨ੍ਹਾਂ ਹਮਲਿਆਂ ਨੂੰ ਰੋਕਣ 'ਚ ਮਦਦ ਕਰ ਰਹੇ ਹਨ। ਤਾਇਵਾਨ ਨੇ ਕਿਹਾ ਕਿ ਉਹ ਜ਼ਿਆਦਾਤਰ ਸਾਈਬਰ ਹਮਲਿਆਂ ਨੂੰ ਰੋਕਣ 'ਚ ਸਫਲ ਰਿਹਾ ਹੈ। ਇਨ੍ਹਾਂ 'ਚੋਂ ਕੁਝ ਹਮਲੇ ਸਰਕਾਰ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ।

ਸਾਈਬਰ ਸੁਰੱਖਿਆ ਦੇ ਮੁਖੀ ਚਿਏਨ ਹੰਗ ਵੇਈ ਨੇ ਕਿਹਾ ਕਿ ਸਾਡੇ ਦੇਸ਼ 'ਚ ਬੁਨਿਆਦੀ ਢਾਂਚੇ 'ਚ ਗੈਸ, ਬਿਜਲੀ ਅਤੇ ਪਾਣੀ ਵਰਗੀਆਂ ਸੂਹਲਤਾਂ ਡਿਜੀਟਾਈਜਡ ਹਨ। ਇਸ ਲਈ ਰਾਸ਼ਟਰਪਤੀ ਤਸਾਈ ਇੰਵ ਵੇਨ ਨੇ ਇਸ ਸਮੱਸਿਆ ਨੂੰ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਐਲਾਨਿਆ ਹੋਇਆ ਹੈ। ਇਸ ਸਾਈਬਰ ਹਮਲਿਆਂ ਤੋਂ ਸੁਰੱਖਿਆ ਦੀ ਪੂਰੀ ਤਿਆਰੀ ਕਰ ਰਹੇ ਹਨ।