ਸੰਯੁਕਤ ਰਾਸ਼ਟਰ (ਏਪੀ) : ਸੀਰੀਆ ਨੇ ਗੁਆਂਢੀ ਦੇਸ਼ ਤੁਰਕੀ 'ਤੇ ਵੱਡਾ ਦੋਸ਼ ਲਗਾਇਆ ਹੈ। ਉਸ ਨੇ ਤੁਰਕੀ ਨੂੰ ਅੱਤਵਾਦ ਫੈਲਾਉਣ ਵਾਲਾ ਦੇਸ਼ ਕਰਾਰ ਦਿੱਤਾ ਹੈ। ਸੀਰੀਆਈ ਵਿਦੇਸ਼ ਮੰਤਰੀ ਵਾਲਿਦ ਅਲ-ਮੋਆਲੇਮ ਨੇ ਸ਼ਨਿਚਰਵਾਰ ਨੂੰ ਸੰਯੁਕਤ ਰਾਸ਼ਟਰ ਮਹਾ ਸਭਾ ਵਿਚ ਦੋਸ਼ ਲਗਾਇਆ ਕਿ ਤੁਰਕੀ ਖੇਤਰ ਅਤੇ ਉਨ੍ਹਾਂ ਦੇ ਦੇਸ਼ ਵਿਚ ਅੱਤਵਾਦ ਨੂੰ ਉਤਸ਼ਾਹ ਦੇ ਰਿਹਾ ਹੈ। ਉਸ ਨੇ ਆਪਣੇ ਕਬਜ਼ੇ ਦਾ ਵਿਰੋਧ ਕਰਨ ਵਾਲੇ ਇਕ ਦਰਜਨ ਤੋਂ ਵੱਧ ਸ਼ਹਿਰਾਂ ਵਿਚ ਪਾਣੀ ਸਪਲਾਈ ਬੰਦ ਕਰ ਕੇ ਜੰਗੀ ਅਪਰਾਧ ਅਤੇ ਮਨੁੱਖਤਾ ਖ਼ਿਲਾਫ਼ ਅਪਰਾਧ ਕੀਤੇ ਹਨ।

ਮਹਾ ਸਭਾ ਦੇ 75ਵੇਂ ਇਜਲਾਸ ਵਿਚ ਇਕ ਉੱਚ ਪੱਧਰੀ ਬੈਠਕ ਵਿਚ ਸੀਰੀਆਈ ਵਿਦੇਸ਼ ਮੰਤਰੀ ਨੇ ਪਹਿਲੇ ਤੋਂ ਰਿਕਾਰਡ ਕੀਤੇ ਗਏ ਆਪਣੇ ਸੰਦੇਸ਼ ਵਿਚ ਕਿਹਾ ਕਿ ਮਹਾਮਾਰੀ ਦੇ ਦੌਰ ਵਿਚ ਪਾਣੀ ਦੀ ਸਪਲਾਈ ਬੰਦ ਕੀਤੇ ਜਾਣ ਨਾਲ ਨਾਗਰਿਕਾਂ ਦੇ ਜੀਵਨ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਤੁਰਕੀ ਦਾ ਮੌਜੂਦਾ ਸ਼ਾਸਨ ਅੰਤਰਰਾਸ਼ਟਰੀ ਕਾਨੂੰਨ ਤਹਿਤ ਗ਼ੈਰ-ਕਾਨੂੰਨੀ ਹੈ। ਉਸ ਦੀਆਂ ਨੀਤੀਆਂ ਅਤੇ ਕੰਮਾਂ ਨਾਲ ਪੂਰੇ ਖੇਤਰ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਹੋ ਗਿਆ ਹੈ। ਦੱਸਣਯੋਗ ਹੈ ਕਿ ਸੀਰੀਆ ਵਿਚ ਸਾਲ 2011 ਵਿਚ ਗ੍ਹਿ ਯੁੱਧ ਸ਼ੁਰੂ ਹੋਇਆ ਸੀ ਜੋ ਬਾਅਦ ਵਿਚ ਇਕ ਖੇਤਰੀ ਲੜਾਈ ਵਿਚ ਤਬਦੀਲ ਹੋ ਗਿਆ। ਇਸ ਸਮੇਂ ਉੱਤਰੀ ਸੀਰੀਆ ਦੇ ਇਕ ਵੱਡੇ ਖੇਤਰ 'ਤੇ ਤੁਰਕੀ ਦਾ ਕੰਟਰੋਲ ਹੈ। ਇਹੀ ਨਹੀਂ ਤੁਰਕੀ ਸੀਰੀਆਈ ਰਾਸ਼ਟਰਪਤੀ ਬਸ਼ਰ ਅਲ-ਅਸਦ ਖ਼ਿਲਾਫ਼ ਵਿਰੋਧੀ ਲੜਾਕਿਆਂ ਦਾ ਸਮਰਥਨ ਵੀ ਕਰਦਾ ਹੈ।