ਦਮਿਸ਼ਕ (ਏਐੱਫਪੀ) : ਸੀਰੀਆ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਬੁੱਧਵਾਰ ਸਵਰੇ ਇਜ਼ਰਾਈਲ ਵੱਲੋਂ ਦਾਗੀਆਂ ਗਈਆਂ ਕਈ ਮਿਜ਼ਾਈਲਾਂ ਨੂੰ ਮਾਰ ਸੁੱਟਿਆ। ਸੀਰੀਆ ਦੀ ਸਰਕਾਰੀ ਨਿਊਜ਼ ਏਜੰਸੀ ਸਨਾ ਮੁਤਾਬਕ ਇਹ ਮਿਜ਼ਾਈਲਾਂ ਗੋਲਾਨ ਪਹਾੜੀ ਖੇਤਰ ਦੇ ਨਜ਼ਦੀਕ ਸਥਿਤ ਸੀਰੀਆਈ ਖੇਤਰ ਤਾਲ ਅਲ-ਹਾਰਾ ਨੂੰ ਨਿਸ਼ਾਨਾ ਬਣਾ ਕੇ ਦਾਗੀਆਂ ਗਈਆਂ ਸਨ ਪਰ ਸੀਰੀਆ ਦੀ ਚੌਕਸ ਹਵਾਈ ਰੱਖਿਆ ਪ੍ਰਣਾਲੀ ਨੇ ਉਨ੍ਹਾਂ ਨੂੰ ਰਸਤੇ ਵਿਚ ਹੀ ਤਬਾਹ ਕਰ ਦਿੱਤਾ। ਇਸ ਹਮਲੇ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।

ਸਨਾ ਨੇ ਇਜ਼ਰਾਈਲ 'ਤੇ ਦੋਸ਼ ਲਗਾਇਆ ਹੈ ਕਿ ਉਹ ਸੀਰੀਆ ਖ਼ਿਲਾਫ਼ ਇਲੈਕਟ੍ਰਾਨਿਕ ਜੰਗ ਛੇੜ ਰਿਹਾ ਹੈ ਅਤੇ ਸੀਰੀਆਈ ਰਾਡਾਰ ਸਿਸਟਮ ਨੂੰ ਜਾਮ ਕਰਨ ਦੀ ਕੋਸ਼ਿਸ਼ 'ਚ ਹੈ। ਸਾਲ 2011 ਤੋਂ ਸੀਰੀਆ ਨਾਲ ਚੱਲ ਰਹੇ ਟਕਰਾਅ ਦੌਰਾਨ ਇਜ਼ਰਾਈਲ ਸੈਂਕੜੇ ਵਾਰੀ ਹਵਾਈ ਹਮਲੇ ਕਰ ਚੁੱਕਾ ਹੈ। ਉਹ ਸੀਰੀਆਈ ਫ਼ੌਜ ਅਤੇ ਉਸ ਦੇ ਸਹਿਯੋਗੀ ਹਿਜ਼ਬੁੱਲਾ ਲੜਾਕਿਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਾ ਰਿਹਾ ਹੈ। ਪਿਛਲੇ ਮਹੀਨੇ ਇਜ਼ਰਾਈਲ ਦੇ ਹਮਲੇ 'ਚ ਸੀਰੀਆ ਦੇ 15 ਜਵਾਨ ਮਾਰੇ ਗਏ ਸਨ। ਇਸ ਸਾਲ ਜਨਵਰੀ 'ਚ ਸੀਰੀਆ 'ਚ ਈਰਾਨ ਹਮਾਇਤੀ ਹਿਜ਼ਬੁੱਲਾ ਦੇ ਟਿਕਾਣਿਆਂ 'ਤੇ ਇਜ਼ਰਾਈਲੀ ਹਮਲੇ 'ਚ 21 ਲੜਾਕੇ ਮਾਰੇ ਗਏ ਸਨ। ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਸੀਰੀਆ 'ਚ ਆਪਣੇ ਕੱਟੜ ਦੁਸ਼ਮਣ ਈਰਾਨ ਨੂੰ ਕਿਸੇ ਵੀ ਕੀਮਤ 'ਤੇ ਜੜ੍ਹਾਂ ਜਮਾਉਣ ਨਹੀਂ ਦੇਵੇਗਾ।