ਜਕਾਰਤਾ (ਏਐੱਫਪੀ) : ਅੱਤਵਾਦੀ ਜਥੇਬੰਦੀ ਇਸਲਾਮਿਕ ਸਟੇਟ (ਆਈਐੱਸ) ਤੋਂ ਪ੍ਰਭਾਵਿਤ ਇਕ ਸ਼ਖ਼ਸ ਨੇ ਵੀਰਵਾਰ ਨੂੰ ਇੰਡੋਨੇਸ਼ੀਆ ਦੇ ਸੁਰੱਖਿਆ ਮੰਤਰੀ ਵਿਰਾਂਤੋ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਪੇਟ 'ਚ ਕੀਤੇ ਗਏ ਦੋ ਵਾਰਾਂ ਨਾਲ 72 ਸਾਲਾ ਵਿਰਾਂਤੋ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜਾਵਾ ਟਾਪੂ ਦੇ ਪੰਡੇਗਲਾਂਗ ਸਥਿਤ ਇਕ ਯੂਨੀਵਰਸਿਟੀ ਦੇ ਬਾਹਰ ਅਚਾਨਕ ਹੋਏ ਇਸ ਹਮਲੇ 'ਚ ਸਥਾਨਕ ਪੁਲਿਸ ਮੁਖੀ ਤੇ ਸੁਰੱਖਿਆ ਮੰਤਰੀ ਦੇ ਦੋ ਸਹਾਇਕ ਵੀ ਜ਼ਖ਼ਮੀ ਹੋਏ ਹਨ।

ਹਮਲੇ ਤੋਂ ਤੁਰੰਤ ਬਾਅਦ ਸੁਰੱਖਿਆ ਮੰਤਰੀ ਨੂੰ ਹੈਲੀਕਾਪਟਰ ਰਾਹੀਂ ਰਾਜਧਾਨੀ ਜਕਾਰਤਾ ਦੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੀ ਸਰਜਰੀ ਕੀਤੀ ਗਈ। ਉਨ੍ਹਾਂ ਦੀ ਹਾਲਤ ਸਥਿਰ ਹੈ। ਹੋਰਨਾਂ ਜ਼ਖ਼ਮੀਆਂ ਨੂੰ ਖ਼ਤਰੇ ਤੋਂ ਬਾਹਰ ਦੱਸਿਆ ਗਿਆ ਹੈ। ਸੁਰੱਖਿਆ ਮੁਲਾਜ਼ਮਾਂ ਨੇ ਹਮਲਾਵਰ ਐੱਸ ਆਲਮਸ਼ਾਹ (31) ਤੇ ਉਸ ਦੇ ਸਹਿਯੋਗੀ 21 ਸਾਲ ਦੀ ਫਿਤਰੀ ਐਂਡਿ੍ਆਨਾ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ। ਰਾਸ਼ਟਰੀ ਪੁਲਿਸ ਤਰਜਮਾਨ ਮੁਤਾਬਕ, ਦੋਵਾਂ ਨੂੰ ਗਿ੍ਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਆਲਮਸ਼ਾਹ ਆਈਐੱਸ ਦੀ ਅੱਤਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਦੱਸਿਆ ਜਾ ਰਿਹਾ ਹੈ। ਚਰਚਿਤ ਨੇਤਾ ਵਿਰਾਂਤੋ ਦੇਸ਼ ਦੇ ਫ਼ੌਜ ਮੁਖੀ ਵੀ ਰਹਿ ਚੁੱਕੇ ਹਨ। ਇਸ ਸਾਲ ਮਈ 'ਚ ਉਨ੍ਹਾਂ ਦੀ ਹੱਤਿਆ ਦੀ ਸਾਜ਼ਿਸ਼ ਨਾਕਾਮ ਕੀਤੀ ਗਈ ਸੀ।