ਉਲਾਨ-ਉਦੇ (ਰੂਸ) (ਪੀਟੀਆਈ) : ਛੇ ਵਾਰ ਦੀ ਚੈਂਪੀਅਨ ਐੱਮਸੀ ਮੈਰੀਕਾਮ (51 ਕਿਲੋਗ੍ਰਾਮ) ਨੇ ਸਟੀਕ ਪੰਚ ਤੇ ਆਪਣੇ ਤਜਰਬੇ ਦਾ ਫ਼ਾਇਦਾ ਲੈਂਦੇ ਹੋਏ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਥਾਂ ਬਣਾਈ। 36 ਸਾਲਾ ਤੇ ਤਿੰਨ ਬੱਚਿਆਂ ਦੀ ਮਾਂ ਮੈਰੀਕਾਮ ਨੇ ਇਕਪਾਸੜ ਮੁਕਾਬਲੇ 'ਚ ਕੋਲੰਬੀਆ ਦੀ ਵਾਲੇਂਸ਼ੀਆ ਵਿਕਟੋਰੀਆ ਨੂੰ 5-0 ਨਾਲ ਮਾਤ ਦਿੱਤੀ।

ਸੁਪਰ ਮੌਮ ਮੈਰੀਕਾਮ ਨੇ ਸੈਮੀਫਾਈਨਲ ਵਿਚ ਥਾਂ ਬਣਾ ਕੇ ਕਈ ਰਿਕਾਰਡ ਵੀ ਆਪਣੇ ਨਾਂ ਕੀਤੇ। ਉਹ ਵਿਸ਼ਵ ਚੈਂਪੀਅਨਸ਼ਿਪ ਦੇ ਇਤਿਹਾਸ ਦੀ ਸਭ ਤੋਂ ਸਫਲ ਮੁੱਕੇਬਾਜ਼ ਬਣ ਗਈ ਅਤੇ ਆਪਣਾ ਅੱਠਵਾਂ ਮੈਡਲ ਵੀ ਪੱਕਾ ਕੀਤਾ। ਮੈਡਲਾਂ ਦੀ ਗਿਣਤੀ ਦੇ ਆਧਾਰ 'ਤੇ ਉਹ ਪੁਰਸ਼ ਤੇ ਮਹਿਲਾ ਦੋਵਾਂ ਵਿਚੋਂ ਸਭ ਤੋਂ ਸਫਲ ਖਿਡਾਰੀ ਹੈ। ਪੁਰਸ਼ ਵਰਗ ਵਿਚ ਕਿਊਬਾ ਦੇ ਫੈਲਿਕਸ ਸਾਵੋਨ ਨੇ ਸਭ ਤੋਂ ਜ਼ਿਆਦਾ ਸੱਤ ਮੈਡਲ (ਛੇ ਸੋਨੇ ਦੇ ਤੇ ਇਕ ਚਾਂਦੀ ਦਾ) ਜਿੱਤੇ ਹਨ। ਮੈਰੀਕਾਮ ਦੇ ਨਾਂ ਹੁਣ ਤਕ ਛੇ ਸੋਨੇ ਦੇ ਅਤੇ ਇਕ ਚਾਂਦੀ ਦਾ ਮੈਡਲ ਹੈ ਪਰ ਉਹ 51 ਕਿਲੋਗ੍ਰਾਮ ਵਿਚ ਪਹਿਲੀ ਵਾਰ ਮੈਡਲ ਜਿੱਤੇਗੀ। ਇਸ ਸਾਲ ਉਸ ਨੇ ਗੁਹਾਟੀ ਵਿਚ ਇੰਡੀਆ ਓਪਨ ਅਤੇ ਇੰਡੋਨੇਸ਼ੀਆ ਵਿਚ ਪ੍ਰੈਜ਼ੀਡੈਂਟ ਓਪਨ ਵਿਚ ਸੋਨੇ ਦਾ ਮੈਡਲ ਜਿੱਤਿਆ ਸੀ। ਉਹ ਰਾਜ ਸਭਾ ਮੈਂਬਰ ਵੀ ਹੈ। ਤੀਜਾ ਦਰਜਾ ਪ੍ਰਾਪਤ ਮੈਰੀਕਾਮ ਦਾ ਸ਼ਨਿਚਰਵਾਰ ਨੂੰ ਸਾਹਮਣਾ ਦੂਜਾ ਦਰਜਾ ਪ੍ਰਾਪਤ ਤੁਰਕੀ ਦੀ ਬੁਸੇਨਾਜ ਸਾਕਿਰੋਗਲੂ ਨਾਲ ਹੋਵੇਗਾ।