ਕਾਬੁਲ (ਏਪੀ) : ਦੱਖਣੀ ਅਫ਼ਗਾਨਿਸਤਾਨ ਵਿਚ ਇਕ ਫ਼ੌਜੀ ਜਾਂਚ ਚੌਕੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਕਾਰ ਬੰਬ ਧਮਾਕੇ ਵਿਚ ਘੱਟੋ ਘੱਟ 11 ਲੋਕਾਂ ਦੀ ਮੌਤ ਹੋ ਗਈ। ਮਿ੍ਤਕਾਂ 'ਚ ਸੱਤ ਫ਼ੌਜੀ ਤੇ ਚਾਰ ਨਾਗਰਿਕ ਸ਼ਾਮਲ ਹਨ। ਕਿਸੇ ਅੱਤਵਾਦੀ ਜਮਾਤ ਨੇ ਇਸ ਹਮਲੇ ਦੀ ਜਿੰਮੇਵਾਰੀ ਨਹੀਂ ਲਈ ਹੈ ਪ੍ਰੰਤੂ ਅਫ਼ਗਾਨ ਅਧਿਕਾਰੀ ਤਾਲਿਬਾਨ ਨੂੰ ਦੋਸ਼ੀ ਠਹਿਰਾ ਰਹੇ ਹਨ। ਇਸ ਇਲਾਕੇ ਵਿਚ ਤਾਲਿਬਾਨ ਦਾ ਦਬਦਬਾ ਹੈ। ਦੱਖਣੀ ਹੇਲਮੰਡ ਸੂਬੇ ਦੇ ਗਵਰਨਰ ਦੇ ਬੁਲਾਰੇ ਓਮਰ ਜਵਾਕ ਮੁਤਾਬਕ ਇਹ ਹਮਲਾ ਬੁੱਧਵਾਰ ਰਾਤ ਨਹਿਰੀ ਸਾਰਾਹ ਜ਼ਿਲ੍ਹੇ ਵਿਚ ਹੋਇਆ। ਇਕ ਆਤਮਘਾਤੀ ਹਮਲਾਵਰ ਨੇ ਧਮਾਕਾਖੇਜ਼ ਸਮੱਗਰੀ ਨਾਲ ਲੱਦੇ ਟਰੱਕ ਨੂੰ ਜਾਂਚ ਚੌਕੀ ਨਾਲ ਟਕਰਾ ਦਿੱਤਾ ਸੀ।

ਇਹ ਘਟਨਾ ਅਜਿਹੇ ਸਮੇਂ ਹੋਈ ਹੈ ਜਦੋਂ ਤਾਲਿਬਾਨ ਅਤੇ ਅਫ਼ਗਾਨ ਸਰਕਾਰ ਵੱਲੋਂ ਨਿਯੁਕਤ ਵਾਰਤਾਕਾਰਾਂ ਵਿਚਕਾਰ ਕਤਰ ਵਿਚ ਇਤਿਹਾਸਕ ਸ਼ਾਂਤੀ ਵਾਰਤਾ ਚੱਲ ਰਹੀ ਹੈ। 2001 ਵਿਚ ਅਫ਼ਗਾਨਿਸਤਾਨ ਨੂੰ ਸੱਤਾ ਤੋਂ ਬੇਦਖਲ ਕੀਤੇ ਜਾਣ ਪਿੱਛੋਂ ਤਾਲਿਬਾਨ ਨੇ ਮੱਧ ਪੂਰਬ ਦੇ ਇਸ ਦੇਸ਼ ਵਿਚ ਆਪਣਾ ਸਿਆਸੀ ਦਫ਼ਤਰ ਸਥਾਪਿਤ ਕਰ ਰੱਖਿਆ ਹੈ। ਸ਼ਾਂਤੀ ਵਾਰਤਾ ਦਾ ਮਕਸਦ ਗ੍ਹਿ ਯੁੱਧ ਨੂੰ ਖ਼ਤਮ ਕਰਨਾ ਅਤੇ ਦੇਸ਼ ਵਿਚ ਸਥਾਈ ਸ਼ਾਂਤੀ ਅਤੇ ਸਥਿਰਤਾ ਲਈ ਰੂਪ-ਰੇਖਾ ਤਿਆਰ ਕਰਨਾ ਹੈ।

ਤਾਲਿਬਾਨ ਦਾ ਅੜੀਅਲ ਰਵੱਈਆ

ਅਫ਼ਗਾਨਿਸਤਾਨ ਦੀ ਉਪ ਨਿਆਂ ਮੰਤਰੀ ਜ਼ਕੀਆ ਅਦੀਲੀ ਦਾ ਕਹਿਣਾ ਹੈ ਕਿ ਤਾਲਿਬਾਨ ਨਾਲ ਸ਼ਾਂਤੀ ਕਾਇਮ ਕਰਨਾ ਇਕ ਕਠਿਨ ਕੰਮ ਹੈ। ਇਹ ਸੰਗਠਨ ਏਕਾਧਿਕਾਰ ਵਿਚ ਯਕੀਨ ਰੱਖਦਾ ਹੈ ਅਤੇ ਅੜੀਅਲ ਰਵੱਈਆ ਅਪਣਾਉਂਦਾ ਹੈ। ਤਾਲਿਬਾਨ ਨਾਲ ਵਾਰਤਾ ਵਿਚ ਸ਼ਾਮਲ ਅਫ਼ਗਾਨ ਸਰਕਾਰ ਦੇ ਸੰਪਰਕ ਸਮੂਹ ਦੀ ਮੈਂਬਰ ਜ਼ਕੀਆ ਨੇ ਕਿਹਾ ਕਿ ਉਹ ਬਹਾਨੇ ਬਣਾਉਂਦੇ ਹਨ, ਵਾਰਤਾ ਵਿਚ ਲਚੀਲਾਪਣ ਨਹੀਂ ਦਿਖਾਉਂਦੇ। ਉਨ੍ਹਾਂ ਕਿਹਾ ਕਿ ਹਿੰਸਾ ਦੇ ਸ਼ਿਕਾਰ ਲੋਕਾਂ ਨੂੰ ਨਿਆਂ ਦਿਵਾਉਣਾ ਤਾਲਿਬਾਨ ਲਈ ਮਨੁੱਖੀ ਅਧਿਕਾਰਾਂ ਦਾ ਨਹੀਂ, ਸਿਰਫ਼ ਸਿਆਸੀ ਮਾਮਲਾ ਹੈ।