ਖਾਰਤੂਮ (ਏਪੀ) : ਅਫ਼ਰੀਕੀ ਦੇਸ਼ ਸੂਡਾਨ 'ਚ ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਤੇ ਫ਼ੌਜੀ ਸ਼ਾਸਕਾਂ ਦਰਮਿਆਨ ਗੱਲਬਾਤ ਟੁੱਟਣ ਨਾਲ ਸਿਆਸੀ ਸੰਕਟ ਡੂੰਘਾ ਹੋ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਗ਼ੈਰ ਫ਼ੌਜੀ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਤੇਜ਼ ਕਰਨ ਦੀ ਮੰਗ ਕੀਤੀ ਸੀ, ਪਰ ਇਸ ਮੰਗ 'ਤੇ ਗੱਲ ਨਹੀਂ ਬਣੀ।

ਸੂਡਾਨ 'ਚ ਕਰੀਬ ਚਾਰ ਮਹੀਨੇ ਤਕ ਚੱਲੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਫ਼ੌਜ ਨੇ ਤਾਨਾਸ਼ਾਹੀ ਰਾਸ਼ਟਰਪਤੀ ਉਮਰ ਅਲ ਬਸ਼ੀਰ ਨੂੰ ਇਸ ਮਹੀਨੇ ਸੱਤਾ ਤੋਂ ਬੇਦਖ਼ਲ ਕਰ ਦਿੱਤਾ ਸੀ। ਉਹ ਪਿਛਲੇ ਕਰੀਬ 30 ਸਾਲਾਂ ਤੋਂ ਸੱਤਾ 'ਚ ਸਨ। ਬਸ਼ੀਰ ਦੀ ਗਿ੍ਫ਼ਤਾਰੀ ਤੋਂ ਬਾਅਦ ਸੱਤਾ 'ਤੇ ਕਾਬਿਜ਼ ਹੋਣ ਵਾਲੀ ਫ਼ੌਜੀ ਕੌਂਸਲ ਨੇ ਸੋਮਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਪ੍ਰਦਰਸ਼ਨਕਾਰੀਆਂ ਨੂੰ ਰਾਜਧਾਨੀ ਖਾਰਤੂਮ ਸਮੇਤ ਦੇਸ਼ ਭਰ ਦੀਆਂ ਸੜਕਾਂ ਤੋਂ ਤੱਤਕਾਲ ਬੈਰੀਕੇਡ ਹਟਾਉਣ ਦੀ ਅਪੀਲ ਕੀਤੀ। ਸੂਡਾਨੀ ਪ੍ਰੋਫੈਸ਼ਨਲਸ ਐਸੋਸੀਏਸ਼ਨ ਨੇ ਹਾਲਾਂਕਿ ਕਿਹਾ ਕਿ ਉਸਦਾ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ। ਇਸੇ ਸੰਗਠਨ ਨੇ ਬਸ਼ੀਰ ਦੇ ਸ਼ਾਸਨ ਖ਼ਿਲਾਫ਼ ਮਹੀਨਿਆਂ ਤੋਂ ਮੁਹਿੰਮ ਚਲਾਈ ਸੀ। ਐਸੋਸੀਏਸ਼ਨ ਨੇ ਮੰਗਲਵਾਰ ਤੇ ਵੀਰਵਾਰ ਨੂੰ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿੱਤਾ ਹੈ। ਇਸ ਦੌਰਾਨ ਫ਼ੌਜ ਨੂੰ ਚੁਣੌਤੀ ਦੇਣ ਲਈ ਉਹ ਆਪਣੀ ਪ੍ਰੀਸ਼ਦ ਦਾ ਐਲਾਨ ਵੀ ਕਰ ਸਕਦੇ ਹਨ।