ਦੁਬਈ (ਰਾਇਟਰ) : ਅਮਰੀਕਾ ਨੇ ਕਿਹਾ ਹੈ ਕਿ ਜੇਕਰ ਈਰਾਨ ਦੇ ਸਿਖਰਲੇ ਕਮਾਂਡਰ ਕਾਸਿਮ ਸੁਲੇਮਾਨੀ ਦੇ ਉੱਤਰਾਧਿਕਾਰੀ ਨੇ ਅਮਰੀਕੀ ਲੋਕਾਂ ਦੀ ਹੱਤਿਆ ਜਾਰੀ ਰੱਖੀ ਤਾਂ ਉਨ੍ਹਾਂ ਦਾ ਵੀ ਉਹੀ ਹਾਲ ਕਰ ਦਿੱਤਾ ਜਾਵੇਗਾ, ਜਿਹੜਾ ਉਨ੍ਹਾਂ ਦੇ ਪਹਿਲਾਂ ਵਾਲੇ ਕਮਾਂਡਰ ਦਾ ਹੋਇਆ ਸੀ। ਵਾਸ਼ਿੰਗਟਨ ਸੁਲੇਮਾਨੀ 'ਤੇ ਖੇਤਰ ਦੇ ਅਮਰੀਕੀ ਬਲਾਂ 'ਤੇ ਈਰਾਨ ਸਮਰਥਕ ਮਿਲੀਸ਼ਿਆਵਾਂ ਜ਼ਰੀਏ ਹਮਲੇ ਕਰਵਾਉਣ ਦਾ ਦੋਸ਼ ਲਗਾਉਂਦਾ ਰਿਹਾ ਹੈ। ਪਿਛਲੇ ਸਾਲ ਦਸੰਬਰ ਵਿਚ ਮਿਜ਼ਾਈਲ ਹਮਲੇ ਵਿਚ ਇਕ ਅਮਰੀਕੀ ਠੇਕੇਦਾਰ ਦੇ ਮਾਰੇ ਜਾਣ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ 3 ਜਨਵਰੀ ਨੂੰ ਸੁਲੇਮਾਨੀ 'ਤੇ ਡ੍ਰੋਨ ਹਮਲੇ ਦਾ ਆਦੇਸ਼ ਦਿੱਤਾ ਸੀ। ਅਮਰੀਕਾ ਨੇ ਠੇਕੇਦਾਰ 'ਤੇ ਹਮਲੇ ਲਈ ਇਰਾਕ ਵਿਚ ਈਰਾਨ ਸਮਰਥਕ ਮਿਲੀਸ਼ਿਆ 'ਤੇ ਦੋਸ਼ ਲਗਾਇਆ ਸੀ। ਸੁਲੇਮਾਨੀ ਦੀ ਮੌਤ ਤੋਂ ਭੜਕੇ ਈਰਾਨ ਨੇ 8 ਜਨਵਰੀ ਨੂੰ ਇਰਾਕ ਸਥਿਤ ਅਮਰੀਕੀ ਟਿਕਾਣਿਆਂ 'ਤੇ ਮਿਜ਼ਾਈਲ ਹਮਲਾ ਕੀਤਾ ਸੀ। ਹਾਲਾਂਕਿ, ਇਸ ਵਿਚ ਕਿਸੇ ਅਮਰੀਕੀ ਫ਼ੌਜੀ ਦੀ ਜਾਨ ਨਹੀਂ ਗਈ ਸੀ।

ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਈਰਾਨ ਨੇ ਇਸਮਾਈਲ ਗਨੀ ਨੂੰ ਹਫੜਾ-ਦਫੜੀ ਵਿਚ ਕੁਦਸ ਫੋਰਸ ਦਾ ਨਵਾਂ ਮੁਖੀ ਬਣਾਇਆ ਹੈ। ਗਨੀ ਨੇ ਸੁਲੇਮਾਨੀ ਦੇ ਕੰਮ ਨੂੰ ਅੱਗੇ ਵਧਾਉਣ ਦਾ ਸੰਕਲਪ ਲਿਆ ਹੈ। ਅਮਰੀਕਾ ਦੇ ਵਿਸ਼ੇਸ਼ ਦੂਤ ਬ੍ਰਾਇਨ ਹੁਕ ਨੇ ਅਰਬੀ ਭਾਸ਼ਾ ਦੇ ਦੈਨਿਕ ਅਖ਼ਬਾਰ ਅਸ਼ਰਕ ਅਲ-ਅਵਸਤ ਨੂੰ ਕਿਹਾ ਹੈ ਕਿ ਜੇਕਰ ਗਨੀ ਨੇ ਸੁਲੇਮਾਨੀ ਦੇ ਰਸਤੇ 'ਤੇ ਚੱਲਣਾ ਜਾਰੀ ਰੱਖਿਆ ਤਾਂ ਉਨ੍ਹਾਂ ਦਾ ਵੀ ਵੈਸਾ ਹੀ ਹਾਲ ਕਰ ਦਿੱਤਾ ਜਾਵੇਗਾ। ਦਾਵੋਸ ਵਿਚ ਦਿੱਤੀ ਇੰਟਰਵਿਊ 'ਚ ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਬਹੁਤ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਅਮਰੀਕਾ ਦੇ ਲੋਕਾਂ ਜਾਂ ਅਮਰੀਕੀ ਹਿੱਤਾਂ 'ਤੇ ਹਮਲੇ ਦਾ ਫ਼ੈਸਲਾਕੁਨ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਈਰਾਨੀ ਸ਼ਾਸਨ ਇਸ ਗੱਲ ਨੂੰ ਹੁਣ ਸਮਝਣ ਲੱਗਾ ਹੈ ਕਿ ਉਹ ਅਮਰੀਕਾ 'ਤੇ ਹਮਲਾ ਨਹੀਂ ਕਰ ਸਕਦਾ। ਇਸ ਲਈ ਉਹ ਇਸ ਤੋਂ ਦੂਰ ਹੀ ਰਹੇਗਾ।