ਯੇਰੂਸ਼ਲਮ (ਏਜੰਸੀਆਂ) : ਇਜ਼ਰਾਈਲ ਵਿਚ ਕੋਰੋਨਾ ਮਹਾਮਾਰੀ ਦਾ ਕਹਿਰ ਵਧਣ 'ਤੇ ਦੁੁਬਾਰਾ ਲਗਾਏ ਗਏ ਲਾਕਡਾਊਨ ਨੂੰ ਸਖ਼ਤ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਪ੍ਰਧਾਨਗੀ ਵਿਚ ਕੈਬਨਿਟ ਦੀ ਵੀਰਵਾਰ ਨੂੰ ਹੋਈ ਬੈਠਕ ਵਿਚ ਇਸ ਬਾਰੇ ਵਿਚ ਫ਼ੈਸਲਾ ਲਿਆ ਗਿਆ। ਨੇਤਨਯਾਹੂ ਨੇ ਇਹ ਚਿੰਤਾ ਪ੍ਰਗਟਾਈ ਕਿ ਇਨਫੈਕਸ਼ਨ ਵਧਣ ਨਾਲ ਦੇਸ਼ ਵਿਚ ਹਾਲਾਤ ਬਦਤਰ ਹੋ ਸਕਦੇ ਹਨ। ਇਜ਼ਰਾਈਲ ਵਿਚ ਹੁਣ ਤਕ ਦੋ ਲੱਖ ਤੋਂ ਜ਼ਿਆਦਾ ਕੋਰੋਨਾ ਪ੍ਰਭਾਵਿਤ ਮਰੀਜ਼ ਮਿਲੇ ਹਨ।

ਇਜ਼ਰਾਈਲ ਵਿਚ ਦੂਜੇ ਦੌਰ ਦੀ ਮਹਾਮਾਰੀ ਵਧਣ 'ਤੇ 18 ਸਤੰਬਰ ਨੂੰ ਫਿਰ ਤੋਂ ਲਾਕਡਾਊਨ ਲਗਾ ਦਿੱਤਾ ਗਿਆ ਸੀ। ਹਾਲਾਂਕਿ ਇਸ ਉਪਾਅ ਦੇ ਬਾਵਜੂਦ ਰੋਜ਼ਾਨਾ ਨਵੇਂ ਮਾਮਲਿਆਂ ਵਿਚ ਕਮੀ ਨਹੀਂ ਆਈ। 90 ਲੱਖ ਦੀ ਆਬਾਦੀ ਵਾਲੇ ਇਸ ਯਹੂਦੀ ਦੇਸ਼ ਵਿਚ ਪਿਛਲੇ ਹਫ਼ਤੇ ਰੋਜ਼ਾਨਾ ਤਕਰੀਬਨ ਸੱਤ ਹਜ਼ਾਰ ਕੋਰੋਨਾ ਪ੍ਰਭਾਵਿਤ ਮਰੀਜ਼ ਮਿਲੇ ਸਨ। ਇਸ ਲਈ ਲਾਕਡਾਊਨ ਨੂੰ ਹੁਣ ਸਖ਼ਤ ਕਰ ਦਿੱਤਾ ਗਿਆ ਹੈ। ਇਸ ਤਹਿਤ ਸਿਰਫ਼ ਜ਼ਰੂਰੀ ਕਾਰੋਬਾਰਾਂ ਨੂੰ ਹੀ ਸੰਚਾਲਿਤ ਕੀਤੇ ਜਾਣ ਦੀ ਇਜਾਜ਼ਤ ਹੋਵੇਗੀ। ਸਾਰੇ ਗ਼ੈਰ-ਜ਼ਰੂਰੀ ਕਾਰੋਬਾਰ ਬੰਦ ਕੀਤੇ ਜਾਣਗੇ। ਇਸ ਦੇ ਇਲਾਵਾ ਲੋਕ ਆਪਣੇ ਘਰ ਤੋਂ ਇਕ ਹਜ਼ਾਰ ਮੀਟਰ ਦੇ ਦਾਇਰੇ ਤੋਂ ਬਾਹਰ ਨਹੀਂ ਜਾ ਸਕਣਗੇ। ਸਕੂਲ ਵੀ ਬੰਦ ਰਹਿਣਗੇ। ਇਸ ਦੇਸ਼ ਵਿਚ ਮਾਰਚ ਵਿਚ ਪਹਿਲੇ ਦੌਰ ਦਾ ਲਾਕਡਾਊਨ ਲਗਾਇਆ ਗਿਆ ਸੀ ਇਸ ਵਿਚ ਮਈ ਵਿਚ ਢਿੱਲ ਦਿੱਤੇ ਜਾਣ ਪਿੱਛੋਂ ਇਨਫੈਕਸ਼ਨ ਦੁਬਾਰਾ ਵਧਣ ਲੱਗਾ। ਕੁਲ 1,316 ਪੀੜਤਾਂ ਦੀ ਜਾਨ ਗਈ ਹੈ।

ਈਰਾਨ 'ਚ ਮੌਤਾਂ ਦਾ ਅੰਕੜਾ 25 ਹਜ਼ਾਰ ਪਾਰ

ਈਰਾਨ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 25 ਹਜ਼ਾਰ ਦੇ ਪਾਰ ਪੁੱਜ ਗਿਆ ਹੈ। ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਦੱਸਿਆ ਕਿ ਦੇਸ਼ ਵਿਚ ਬੀਤੇ 24 ਘੰਟਿਆਂ ਦੌਰਾਨ 3,521 ਨਵੇਂ ਮਾਮਲੇ ਮਿਲਣ ਨਾਲ ਕੋਰੋਨੋਾ ਪ੍ਰਭਾਵਿਤ ਲੋਕਾਂ ਦੀ ਕੁਲ ਗਿਣਤੀ ਚਾਰ ਲੱਖ 36 ਹਜ਼ਾਰ 319 ਹੋ ਗਈ। ਹੁਣ ਤਕ 25 ਹਜ਼ਾਰ 15 ਪੀੜਤਾਂ ਦੀ ਜਾਨ ਗਈ ਹੈ। ਪੱਛਮੀ ਏਸ਼ੀਆ ਵਿਚ ਮਰਨ ਵਾਲਿਆਂ ਦੀ ਇਹ ਸਭ ਤੋਂ ਵੱਧ ਗਿਣਤੀ ਹੈ।

ਆਸਟ੍ਰੇਲੀਆ : ਰੋਜ਼ਾਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ ਤਿੰਨ ਮਹੀਨੇ ਪਿੱਛੋਂ ਹੇਠਲੇ ਪੱਧਰ 'ਤੇ ਪੁੱਜ ਗਈ। ਪਿਛਲੇ 24 ਘੰਟਿਆਂ ਵਿਚ 12 ਕੇਸ ਮਿਲੇ। ਕੁਲ 27 ਹਜ਼ਾਰ ਮਾਮਲੇ ਮਿਲੇ ਹਨ।

ਚੈੱਕ ਗਣਰਾਜ : ਇਸ ਮੱਧ ਯੂਰਪੀ ਦੇਸ਼ ਵਿਚ 2,309 ਨਵੇਂ ਮਾਮਲੇ ਮਿਲਣ ਨਾਲ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 55 ਹਜ਼ਾਰ ਦੇ ਪਾਰ ਪੁੱਜ ਗਈ। ਇਥੇ 555 ਮੌਤਾਂ ਹੋਈਆਂ ਹਨ।

ਰੂਸ : 6,595 ਨਵੇਂ ਕੇਸ ਮਿਲਣ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ 11 ਲੱਖ 28 ਹਜ਼ਾਰ ਤੋਂ ਵੱਧ ਹੋ ਗਈ। ਇਸ ਦੇਸ਼ ਵਿਚ ਕੁਲ 19 ਹਜ਼ਾਰ 948 ਦੀ ਜਾਨ ਗਈ ਹੈ।

ਪੋਲੈਂਡ : ਵੀਰਵਾਰ ਨੂੰ ਰਿਕਾਰਡ 1,136 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਮਿਲੇ। ਇਸ ਵਿਚ ਪੀੜਤਾਂ ਦਾ ਕੁਲ ਅੰਕੜਾ 82 ਹਜ਼ਾਰ ਤੋਂ ਜ਼ਿਆਦਾ ਹੋ ਗਿਆ। 2,369 ਦੀ ਮੌਤ ਹੋਈ ਹੈ।

ਪਾਕਿਸਤਾਨ : 799 ਨਵੇਂ ਕੋਰੋਨਾ ਪੀੜਤ ਮਿਲਣ ਨਾਲ ਰੋਗੀਆਂ ਦੀ ਕੁਲ ਗਿਣਤੀ ਤਿੰਨ ਲੱਖ ਅੱਠ ਹਜ਼ਾਰ ਤੋਂ ਵੱਧ ਹੋ ਗਈ। ਹੁਣ ਤਕ 6,437 ਦੀ ਜਾਨ ਗਈ ਹੈ।

ਕੈਨੇਡਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਵਿਚ ਦੂਜੇ ਦੌਰ ਦੀ ਕੋਰੋਨਾ ਮਹਾਮਾਰੀ ਦਾ ਐਲਾਨ ਕੀਤਾ ਹੈ। ਇੱਥੇ ਹੁਣ ਤਕ ਇਕ ਲੱਖ 47 ਹਜ਼ਾਰ ਕੋਰੋਨਾ ਪ੍ਰਭਾਵਿਤ ਮਰੀਜ਼ ਮਿਲੇ ਹਨ।