ਸੰਯੁਕਤ ਰਾਸ਼ਟਰ (ਏਜੰਸੀ) : ਹਿੰਦ ਮਹਾਸਾਗਰ 'ਚ ਚੀਨ ਦੀ ਤਾਕਤ ਵਧਾਉਣ ਵਾਲੀਆਂ ਹਰਕਤਾਂ ਦੌਰਾਨ ਸ੍ਰੀਲੰਕਾ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਇਸ ਸਮੁੰਦਰੀ ਖੇਤਰ ਨੂੰ ਕਿਸੇ ਦੇ ਸ਼ਕਤੀ ਪ੍ਰਦਰਸ਼ਨ ਦਾ ਅੱਡਾ ਬਣਾਏ ਜਾਣ ਦੇ ਵਿਰੋਧ 'ਚ ਹੈ। ਸੰਯੁਕਤ 'ਚ ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਇਆ ਰਾਜਪਕਸ਼ੇ ਨੇ ਆਪਣੇ ਪ੍ਰਰੀ-ਰਿਕਾਰਡਿਡ ਭਾਸ਼ਣ 'ਚ ਕਿਹਾ, ਸਾਡੀ ਪਹਿਲ ਹਿੰਦ ਮਹਾਸਾਗਰ ਖੇਤਰ 'ਚ ਸ਼ਾਂਤੀ ਬਣਾਈ ਰੱਖਣ ਦੀ ਹੈ, ਜਿੱਥੇ ਕੋਈ ਦੇਸ਼ ਕਿਸੇ ਹੋਰ 'ਤੇ ਆਪਣੀ ਬੜ੍ਹਤ ਸਾਬਿਤ ਨਾ ਕਰ ਸਕੇ। ਸ੍ਰੀਲੰਕਾ ਹਿੰਦ ਮਹਾਸਾਗਰ ਖਿੱਤੇ 'ਚ ਰਣਨੀਤਕ ਅਹਿਮੀਅਤ ਵਾਲੇ ਸਥਾਨ 'ਤੇ ਸਥਿਤ ਹੈ। ਭਾਰਤ ਨੂੰ ਘੇਰਨ ਲਈ ਚੀਨ ਸ੍ਰੀਲੰਕਾ ਦੇ ਇਸ ਮਹੱਤਵ ਦੇ ਇਸਤੇਮਾਲ ਦੀ ਕੋਸ਼ਿਸ਼ 'ਚ ਹੈ।

ਰਾਜਪਕਸ਼ੇ ਨੇ ਕਿਹਾ ਕਿ ਸ੍ਰੀਲੰਕਾ ਆਉਣ ਵਾਲੇ ਸਮੇਂ 'ਚ ਵੀ ਆਪਣੀ ਨਿਰਪੱਖ ਵਿਦੇਸ਼ ਨੀਤੀ ਬਣਾਈ ਰੱਖੇਗਾ। ਉਹ ਅਜਿਹੇ ਕਿਸੇ ਦੇਸ਼ ਜਾਂ ਸਮੂਹ ਦੀ ਨੇੜਤਾ ਤੋਂ ਦੂਰ ਰਹੇਗਾ ਜਿਸ ਨਾਲ ਉਸ ਦੀ ਨਿਰਪੱਖਤਾ ਪ੍ਰਭਾਵਿਤ ਹੁੰਦੀ ਹੋਵੇ। ਇਸ ਸਮੁੰਦਰੀ ਮਾਰਗ ਦੀ ਆਰਥਿਕ ਅਹਿਮੀਅਤ ਦੇ ਮੱਦੇਨਜ਼ਰ ਸ਼ਕਤੀਸ਼ਾਲੀ ਦੇਸ਼ਾਂ ਦੀ ਜ਼ਿੰਮੇਦਾਰੀ ਹੈ ਕਿ ਉਹ ਹਿੰਦ ਮਹਾਸਾਗਰ ਖੇਤਰ ਨੂੰ ਸ਼ਾਂਤ, ਨਿਰਪੱਖ ਆਜ਼ਾਦ ਆਵਾਜਾਈ ਵਾਲਾ ਖੇਤਰ ਬਣਾਈ ਰੱਖਣ 'ਚ ਸਹਿਯੋਗ ਦੇਵੇ। ਸ਼ਕਤੀਸ਼ਾਲੀ ਦੇਸ਼ ਇਸ ਸਮੁੰਦਰੀ ਖੇਤਰ ਦੀ ਕੁਦਰਤੀ ਆਫ਼ਤ ਨੂੰ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਖ਼ੁਦ ਪਹੁੰਚਾਉਣ ਤੇ ਨਾ ਹੀ ਨੁਕਸਾਨ ਹੋਣ ਦੇਣ। ਸ੍ਰੀਲੰਕਾ ਤੋਂ ਆਇਆ ਬਿਆਨ ਇਸ ਲਈ ਮਾਅਨੇ ਰੱਖਦਾ ਹੈ ਕਿ ਰਣੀਤਕ ਨਜ਼ਰੀਏ ਤੋਂ ਅਹਿਮ ਉੱਥੇ ਹੰਬਨਟੋਟਾ ਬੰਦਰਗਾਹ ਨੂੰ ਵਿਕਸਤ ਕਰਨ ਲਈ ਪਹਿਲਾਂ ਚੀਨ ਨੇ ਕਰਜ਼ ਦਿੱਤਾ ਤੇ ਕੰਮ ਕੀਤਾ। ਬਾਅਦ 'ਚ ਜਦੋਂ ਸ੍ਰੀਲੰਕਾ ਕਰਜ਼ ਵਾਪਸੀ ਨਹੀਂ ਕਰ ਸਕਿਆ ਤਾਂ ਚੀਨ ਨੇ ਉਸ ਤੋਂ ਇਹ ਬੰਦਰਗਾਹ ਆਪਣੀ ਵਰਤੋਂ ਲਈ ਲੈ ਲਈ। ਨਾਲ ਹੀ ਨੇੜਲੀ 15 ਹਜ਼ਾਰ ਹੈਕਟੇਅਰ ਜ਼ਮੀਨ ਵੀ ਲੈ ਲਈ। ਹੁਣ ਖ਼ਦਸ਼ਾ ਹੈ ਕਿ ਚੀਨ ਇਸ ਬੰਦਰਗਾਹ ਦੀ ਵਰਤੋਂ ਭਾਰਤ ਖ਼ਿਲਾਫ਼ ਕਰ ਸਕਦਾ ਹੈ।

ਸ੍ਰੀਲੰਕਾ 'ਚ ਲਿਬਰੇਸ਼ਨ ਟਾਈਗਰਸ ਆਫ ਤਮਿਲ ਈਲਮ (ਲਿੱਟੇ) ਦੇ ਖ਼ਾਤਮੇ ਲਈ ਫ਼ੌਜੀ ਕਾਰਵਾਈ 'ਚ ਹਜ਼ਾਰਾਂ ਬੇਗੁਨਾਹ ਤਮਿਲਾਂ ਦੇ ਮਾਰੇ ਜਾਣ ਦੇ ਮਾਮਲੇ 'ਚ ਕੌਮਾਂਤਰੀ ਜਾਂਚ ਕਰਵਾਉਣ ਦਾ ਦਬਾਅ ਝੱਲ ਰਹੇ ਰਾਜਪਕਸ਼ੇ ਨੇ ਕਿਹਾ ਕਿ ਅਜਿਹਾ ਯਤਨ ਮੈਂਬਰ ਦੇਸ਼ ਦੇ ਹਿੱਤਾਂ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਲਿੱਟੇ ਦਾ ਸ੍ਰੀਲੰਕਾ 'ਚੋਂ ਬੇਸ਼ੱਕ ਖ਼ਾਤਮਾ ਹੋ ਗਿਆ ਹੈ ਪਰ ਦੁਨੀਆ 'ਚ ਅਜੇ ਉਸਦਾ ਖਾਤਮਾ ਨਹੀਂ ਹੋਇਆ। ਉਸ ਦੀ ਹਿੰਸਕ ਵਿਚਾਰਧਾਰਾ ਦੇ ਸਮਰਥਕ ਅਜੇ ਵੀ ਇਸ ਸੰਗਠਨ ਨੂੰ ਸੁਰਜੀਤ ਕਰਨ ਤੇ ਬੇਬੁਨਿਆਦ ਗੱਲਾਂ ਨੂੰ ਪ੍ਰਚਾਰਿਤ ਕਰਨ 'ਚ ਲੱਗੇ ਹਨ। ਉਹ ਚਾਹੁੰਦੇ ਹਨ ਕਿ ਸ੍ਰੀਲੰਕਾ ਨੂੰ ਕਟਿਹਰੇ 'ਚ ਖੜ੍ਹਾ ਕੀਤਾ ਜਾਵੇ ਤੇ ਉਸ ਖ਼ਿਲਾਫ਼ ਕਾਰਵਾਈ ਹੋਵੇ।