ਮੈਡਿ੍ਡ (ਏਜੰਸੀਆਂ) : ਸਪੇਨ ਵਿਚ ਕਈ ਸਾਲਾਂ ਵਿਚ ਹੋਈ ਚੌਥੀ ਚੋਣ ਪਿੱਛੋਂ ਦੇਸ਼ ਦੇ ਸਿਆਸੀ ਭੰਬਲਭੂਸੇ ਵਿਚ ਫੱਸਣ ਦੀ ਸੰਭਾਵਨਾ ਪੈਦਾ ਹੋ ਗਈ ਹੈ। ਦੇਸ਼ ਪਹਿਲਾਂ ਤੋਂ ਹੀ ਗੜਬੜਗ੍ਸਤ ਸਿਆਸੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਐਤਵਾਰ ਨੂੰ ਹੋਈ ਚੋਣ ਪਿੱਛੋਂ ਕਿਸੇ ਨੂੰ ਬਹੁਮਤ ਮਿਲਣ ਦਾ ਸੰਕੇਤ ਨਹੀਂ ਉਭਰਿਆ ਹੈ ਪ੍ਰੰਤੂ 10 ਸਾਲਾਂ ਵਿਚ ਪਹਿਲੀ ਵਾਰ ਦੱਖਣਪੰਥੀ ਵਾਕਸ ਪਾਰਟੀ ਇਕ ਵੱਡੇ ਸਿਆਸੀ ਖਿਡਾਰੀ ਦੇ ਰੂਪ ਵਿਚ ਸਾਹਮਣੇ ਆਈ ਹੈ।

ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ ਦੀ ਸੋਸ਼ਲਿਸਟ ਪਾਰਟੀ ਨੇ ਐਤਵਾਰ ਨੂੰ ਦੇਸ਼ ਦੀ ਆਮ ਚੋਣ ਵਿਚ ਸਭ ਤੋਂ ਜ਼ਿਆਦਾ 120 ਸੀਟਾਂ ਜਿੱਤੀਆਂ ਹਨ ਪ੍ਰੰਤੂ 350 ਸੀਟਾਂ ਵਾਲੀ ਸੰਸਦ ਵਿਚ ਬਹੁਮਤ ਦੇ ਅੰਕੜੇ ਤੋਂ ਅਜੇ ਦੂਰ ਹੈ। ਸਰਕਾਰ ਬਣਾਉਣ ਲਈ ਉਨ੍ਹਾਂ ਦੀ ਪਾਰਟੀ ਨੂੰ ਕਈ ਮੋਰਚਿਆਂ 'ਤੇ ਸਮਝੌਤਾ ਕਰਨਾ ਪੈ ਸਕਦਾ ਹੈ। ਇਸ ਤੋਂ ਪਹਿਲੇ ਅਪ੍ਰੈਲ ਵਿਚ ਹੋਈ ਚੋਣ ਪਿੱਛੋਂ ਸਰਕਾਰ ਬਣਾਉਣ ਯੋਗ ਸਮਰਥਨ ਨਾ ਇਕੱਤਰ ਕਰ ਸਕਣ ਕਾਰਨ ਸਾਂਚੇਜ ਨੇ ਇਹ ਚੋਣ ਕਰਵਾਈ ਹੈ।

ਐਤਵਾਰ ਨੂੰ ਦਿੱਤੇ ਗਏ ਭਾਸ਼ਣ ਵਿਚ ਸਾਂਚੇਜ ਨੇ ਫਿਰ ਤੋਂ ਪ੍ਰਗਤੀਸ਼ੀਲ ਸਰਕਾਰ ਬਣਾਉਣ ਦਾ ਵਾਅਦਾ ਕੀਤਾ ਸੀ। ਸੋਮਵਾਰ ਨੂੰ ਆਪਣੀ ਪਾਰਟੀ ਦੇ ਐਗਜ਼ੈਕਟਿਵ ਨਾਲ ਮੁਲਾਕਾਤ ਪਿੱਛੋਂ ਉਨ੍ਹਾਂ ਦੀ ਯੋਜਨਾ ਸਾਹਮਣੇ ਆ ਸਕਦੀ ਹੈ। ਚੋਣ ਤੋਂ ਪਹਿਲਾਂ ਦੇ ਅੰਦਾਜ਼ਿਆਂ ਦੇ ਬਾਵਜੂਦ ਸਾਂਚੇਜ ਨੇ ਚੋਣ ਵਿਚ ਬਹੁਮਤ ਮਿਲਣ ਦੀ ਉਮੀਦ ਪ੍ਰਗਟਾਈ ਸੀ ਪ੍ਰੰਤੂ ਅਪ੍ਰਰੈਲ ਦੀ ਚੋਣ ਨਾਲੋਂ ਉਨ੍ਹਾਂ ਦੀ ਪਾਰਟੀ ਨੂੰ ਤਿੰਨ ਸੀਟਾਂ ਘੱਟ ਮਿਲੀਆਂ ਹਨ। ਕਰੀਬੀ ਸਹਿਯੋਗੀ ਖੱਬੇ ਪੱਖੀ ਯੂਨਾਈਟਿਡ ਵੀ ਕੈਨ 42 ਤੋਂ ਘੱਟ ਕੇ 35 'ਤੇ ਰਹਿ ਗਈ ਹੈ। ਸਪੇਨ ਦੇ ਰੋਜ਼ਾਨਾ ਅਖ਼ਬਾਰ ਨੇ ਲਿਖਿਆ ਹੈ ਕਿ ਲੋਕ ਰਾਇ 'ਚ ਸਾਂਚੇਜ ਫੇਲ੍ਹ ਹੋਏ, ਸਰਕਾਰ ਬਣਾਉਣਾ ਹੋਰ ਔਖਾ ਹੋ ਗਿਆ। ਆਉਣ ਵਾਲੇ ਹਫ਼ਤਿਆਂ ਵਿਚ ਐੱਮਪੀਜ਼ ਨੂੰ ਸਦਨ ਦਾ ਸਪੀਕਰ ਚੁਣਨਾ ਹੋਵੇਗਾ ਅਤੇ ਫਿਰ ਕਿੰਗ ਫੇਲਿਪ-6 ਅਤੇ ਪਾਰਟੀ ਆਗੂਆਂ ਵਿਚਕਾਰ ਗੱਲਬਾਤ ਹੋਵੇਗੀ। ਜ਼ਿਆਦਾ ਸੰਭਾਵਨਾ ਹੈ ਕਿ ਸਾਂਚੇਜ ਨੂੰ ਨਵੀਂ ਸਰਕਾਰ ਬਣਾਉਣ ਨੂੰ ਕਿਹਾ ਜਾਏਗਾ।

ਇਸ ਚੋਣ ਵਿਚ ਦੂਜਾ ਸਭ ਤੋਂ ਵੱਡਾ ਧਮਾਕਾ ਸੈਂਟਿਆਗੋ ਅਬਾਸਕਲ ਦੀ ਅਗਵਾਈ ਵਾਲੀ ਦੱਖਣਪੰਥੀ ਵਾਕਸ ਪਾਰਟੀ ਦੀਆਂ ਸੀਟਾਂ ਦੀ ਗਿਣਤੀ ਵਿਚ ਵਾਧਾ ਹੈ। 52 ਸੀਟਾਂ ਜਿੱਤ ਕੇ ਇਹ ਪਾਰਟੀ ਤੀਜੀ ਸੰਸਦੀ ਸ਼ਕਤੀ ਬਣ ਚੁੱਕੀ ਹੈ। ਵਾਕਸ ਪਾਰਟੀ ਦੇ ਮਜ਼ਬੂਤ ਬਣ ਕੇ ਸਾਹਮਣੇ ਆਉਣ ਪਿੱਛੋਂ ਪੂਰੇ ਯੂਰਪ ਵਿਚ ਉਸ ਦੇ ਸਮਰਥਕਾਂ ਨੇ ਖ਼ੁਸ਼ੀ ਪ੍ਰਗਟਾਈ ਹੈ।